ਕਿਸਾਨ ਆਗੂ ਸੱਤਾ ਖਲੋਰ ਨੂੰ ਗੁਰਦੁਆਰਾ ਸ੍ਰੀ ਚੋਈ ਸਾਹਿਬ ਤੋਂ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਕਿਸਾਨ ਆਗੂ ਸੱਤਾ ਖਲੋਰ ਨੂੰ ਗੁਰਦੁਆਰਾ ਸ੍ਰੀ ਚੋਈ ਸਾਹਿਬ ਤੋਂ ਪੁਲਿਸ ਨੇ ਕੀਤਾ ਗ੍ਰਿਫ਼ਤਾਰ
Publish Date: Sat, 09 May 2026 04:45 PM (IST)
Updated Date: Sat, 09 May 2026 04:47 PM (IST)
ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੀ ਗਈ ਸ਼ੁਕਰਾਨਾ ਯਾਤਰਾ ਦੌਰਾਨ ਸਵਾਲ ਜਵਾਬ ਕਰਨ ਦੇ ਕੀਤੇ ਗਏ ਐਲਾਨ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਪਟਿਆਲਾ ਵਿਖੇ ਪੁੱਜਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਜਵਾਬ ਕਰਨ ਤੋਂ ਰੋਕਣ ਲਈ ਬੀਤੀ ਰਾਤ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ ਖ਼ਜ਼ਾਨਚੀ ਨੰਬਰਦਾਰ ਸਤਨਾਮ ਸਿੰਘ ਸੱਤਾ ਖਲੋਰ ਨੂੰ ਇਤਿਹਾਸਕ ਗੁਰਦੁਆਰਾ ਸ੍ਰੀ ਚੋਈ ਸਾਹਿਬ ਛੜਬੜ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਨੰਬਰਦਾਰ ਸਤਨਾਮ ਸਿੰਘ ਸੱਤਾ ਖਲੋਰ ਦੇ ਪੁੱਤਰ ਅਮਨਜੋਤ ਸਿੰਘ ਪੰਨੂ ਨੇ ਦੱਸਿਆ ਕਿ ਉਸ ਦਾ ਪਿਤਾ ਨੰਬਰਦਾਰ ਸਤਨਾਮ ਸਿੰਘ ਸੱਤਾ ਰੋਜ਼ਾਨਾ ਦੀ ਤਰ੍ਹਾਂ ਗੁਰਦੁਆਰਾ ਚੋਈ ਸਾਹਿਬ ਯਾਦਗਾਰ ਬਾਬਾ ਬੰਦਾ ਸਿੰਘ ਬਹਾਦਰ ਛੜਬੜ ਵਿਖੇ ਸੇਵਾ ਕਰ ਰਿਹਾ ਸੀ ਤਾਂ ਅਚਾਨਕ ਥਾਣਾ ਬਨੂੜ ਦੇ ਮੁਖੀ ਇੰਸਪੈਕਟਰ ਅਰਸ਼ਦੀਪ ਸ਼ਰਮਾ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚੇ। ਥਾਣਾ ਮੁਖੀ ਨੇ ਉਸਦੇ ਪਿਤਾ ਸਤਨਾਮ ਸਿੰਘ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਬੁਲਾਇਆ ਅਤੇ ਆਪਣੇ ਨਾਲ ਥਾਣਾ ਬਨੂੜ ਵਿਖੇ ਲੈ ਗਏ।