ਬਣਾਈਆਂ ਗਈਆਂ ਨੀਤੀਆਂ ਜ਼ਮੀਨੀ ਪੱਧਰ ਤੋਂ ਕੋਹਾਂ ਦੂਰ : ਵਿਰਕ
ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਬਣਾਈਆਂ ਗਈਆਂ ਨੀਤੀਆਂ ਜਮੀਨੀ ਪੱਧਰ ਤੋਂ ਕੋਹਾਂ ਦੂਰ: ਰਾਜਿੰਦਰ ਵਿਰਕ
Publish Date: Sat, 18 Apr 2026 08:40 PM (IST)
Updated Date: Sun, 19 Apr 2026 04:16 AM (IST)

ਜੀਐੱਸ ਮਹਿਰੋਕ, ਪੰਜਾਬੀ ਜਾਗਰਣ ਦੇਵੀਗਡ਼੍ਹ: ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਨਾ ਹੋਣ ਕਾਰਨ ਹਾਲਾਤ ਬੇਹੱਦ ਗੰਭੀਰ ਹੁੰਦੇ ਜਾ ਰਹੇ ਹਨ। ਲੱਖਾਂ ਕੁਇੰਟਲ ਟਨ ਕਣਕ ਦੇ ਖੁੱਲ੍ਹੇ ਆਸਮਾਨ ਹੇਠਾਂ ਢੇਰ ਲੱਗੇ ਹੋਏ ਹਨ। ਬੇ ਮੌਸਮੀ ਬਰਸਾਤ ਨਾਲ ਕਿਸਾਨਾਂ ਦਾ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਿਆ ਹੈ। ਆਡ਼ਤੀ ਵਰਗ, ਕਿਸਾਨ ਤੇ ਮਜ਼ਦੂਰ ਤਿੰਨੇ ਇੱਕੋ ਵਾਰ ਭਾਰੀ ਮੁਸੀਬਤ ਵਿੱਚ ਫਸ ਗਏ ਹਨ। ਪੰਜਾਬ ਸਰਕਾਰ ਵੱਲੋਂ ਖਰੀਦ ਸਬੰਧੀ ਜੋ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ, ਉਹ ਪੂਰੀ ਤਰ੍ਹਾਂ ਖੋਖਲੇ ਸਾਬਿਤ ਹੋ ਰਹੇ ਹਨ। ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਪੰਜਾਬ ਸਰਕਾਰ ਵੱਲੋਂ ਬਣਾਈਆਂ ਗਈਆਂ ਨੀਤੀਆਂ ਕੋਹਾਂ ਦੂਰ ਹਨ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦੱਲ ਦੇ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਵਿਰਕ ਨੇ ਅੱਜ ਅਨਾਜ ਮੰਡੀ ਦੇਵੀਗਡ਼੍ਹ ਤੇ ਭੁਨਰਹੇਡ਼ੀ ਵਿਖੇ ਮੰਡੀਆਂ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜਿੰਦਰ ਸਿੰਘ ਵਿਰਕ ਨੇ ਕਿਹਾ ਕਿ ਅਨਾਜ ਮੰਡੀਆਂ ਵਿੱਚ ਕਣਕ ਦੀ ਖ੍ਰੀਦ ਨਾ ਹੋਣ ਕਾਰਨ ਮੰਡੀਆਂ ’ਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗ ਗਏ ਹਨ, ਜਿਸ ਕਾਰਨ ਕਿਸਾਨ ਨੂੰ ਮੰਡੀ ਵਿੱਚ ਕਣਕ ਲਿਆਉਣੀ ਔਖੀ ਹੋ ਗਏ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਖੇਤੀ ਦੇ ਲਾਹੇਵੰਦ ਧੰਦੇ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਰੰਤ ਖਰੀਦ ਤੇ ਲਿਫਟਿੰਗ ਜਲਦ ਸ਼ੁਰੂ ਨਾ ਕੀਤੀ ਗਈ ਤਾਂ ਪੂਰੇ ਪੰਜਾਬ ਦੇ ਕਿਸਾਨਾਂ ਦੀ ਫਸਲ ਮੰਡੀਆਂ ਵਿੱਚ ਰੁਲ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ 24 ਘੰਟੇ ਦੇ ਅੰਦਰ ਅੰਦਰ ਫਸਲ ਦੀ ਅਦਾਇਗੀ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਉਹ ਝੂਠ ਦਾ ਪੁਲੰਦਾ ਸਾਬਤ ਹੋਇਆ। ਉਨ੍ਹਾਂ ਅੱਗੇ ਕਿਹਾ ਕਿ ਇਸ ਵਾਰ ਕਣਕ ਦੀ ਫਸਲ ਚੰਗੀ ਆਈ ਸੀ ਪਰ ਸਰਕਾਰ ਦੀ ਲਾਪਰਵਾਹੀ ਨੇ ਇਸ ਨੂੰ ਬਰਬਾਦ ਕਰ ਦਿੱਤਾ। ਇਸ ਮੌਕੇ ਸੋਮ ਦੱਤ, ਸਤਵੰਤ ਸਿੰਘ, ਦਲੇਰ ਸਿੰਘ ਵਿਰਕ ਰੱਤਾਖੇਡ਼ਾ, ਭੋਲਾ ਸਿੰਘ ਰਾਜੂਖੇਡ਼ੀ, ਸੁਖਵਿੰਦਰ ਮੁਰਾਦਮਾਜਰਾ, ਗੁਰਮੁੱਖ ਸਿੰਘ ਤੇ ਨੈਣ ਸਿੰਘ ਰੋਹਡ਼ ਜਗੀਰ, ਰਣਜੀਤ ਸਿੰਘ ਸਰੁਸਤੀਗਡ਼੍ਹ, ਕੇਵਲ ਸਿੰਘ ਮਲਕਪੁਰ ਆਦਿ ਤੋਂ ਇਲਾਵਾ ਹੋਰ ਵੀ ਕਿਸਾਨ ਮੌਕੇ ’ਤੇ ਮੌਜੂਦ ਸਨ।