ਕਿਸਾਨ ਅੰਦੋਲਨ ਦੇ ਸ਼ਹੀਦ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀਆਂ ਭੇਟ
ਕਿਸਾਨ ਅੰਦੋਲਨ ਦੇ ਸ਼ਹੀਦ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀਆਂ
Publish Date: Sun, 22 Feb 2026 05:27 PM (IST)
Updated Date: Sun, 22 Feb 2026 05:30 PM (IST)

ਫੋਟੋ 22ਪੀਟੀਐਲ: 19 ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਸੈਂਕੜੇ ਕਿਸਾਨ ਮਜ਼ਦੂਰ ਬੀਬੀਆਂ ਟੋਲ ਪਲਾਜ਼ਾ ਘੱਗਾ ਦਿੱਲੀ ਜੰਮੂ ਕੱਟੜਾ ਐਕਸਪ੍ਰੈਸ ਵੇਅ ਵਿਖੇ ਕਿਸਾਨ ਅੰਦੋਲਨ 2 ਦੇ ਸ਼ਹੀਦ ਸ਼ੁਭਕਰਨ ਸਿੰਘ ਬੱਲੋ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਖਨੌਰੀ ਬਾਰਡਰ ਉੱਤੇ ਹਰਿਆਣਾ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਸ਼ੁਭਕਰਨ ਸਿੰਘ ਦੀ ਕੁਰਬਾਨੀ ਨੂੰ ਯਾਦ ਕੀਤਾ ਗਿਆ। ਅਮਰੀਕੀ ਸਾਮਰਾਜ ਅੱਗੇ ਗੋਡੇ ਟੇਕੀ ਖੜ੍ਹੇ ਭਾਰਤੀ ਰਾਜ ਪ੍ਰਬੰਧ ਖ਼ਿਲਾਫ਼ ਸੰਘਰਸ਼ ਹੋਰ ਤਿੱਖਾ ਕਰਨ ਦਾ ਅਹਿਦ ਕੀਤਾ ਗਿਆ ਤੇ ਕਿਸਾਨਾਂ ਉੱਤੇ ਕੇਂਦਰ ਸਰਕਾਰ ਤੇ ਕੇਜਰੀਵਾਲ ਦੀ ਮਰਜ਼ੀ ਮੁਤਾਬਕ ਜਬਰ ਢਾਉਣ ਤੇ ਕਿਸਾਨਾਂ ਨਾਲ ਵਾਰ-ਵਾਰ ਮੀਟਿੰਗਾਂ ਰੱਖ ਕੇ ਮੁੱਕਰਣ ਵਾਲੀ ਭਗਵੰਤ ਮਾਨ ਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਜਥੇਬੰਦੀ ਦੇ ਸੂਬਾਈ ਆਗੂ ਮਨਜੀਤ ਸਿੰਘ ਨਿਆਲ, ਗੁਰਦੇਵ ਸਿੰਘ ਗੱਜੂ ਮਾਜਰਾ, ਕਰਨੈਲ ਸਿੰਘ ਲੰਗ, ਗੁਰਪ੍ਰੀਤ ਕੌਰ ਬਰਾਸ, ਦਵਿੰਦਰ ਕੌਰ ਹਰਦਾਸਪੁਰ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਨੇ ਲੋਕਾਂ ਦੀ ਆਰਥਿਕਤਾ ਨੂੰ ਤਬਾਹ ਕਰ ਦਿੱਤਾ ਹੈ ਜਿਸ ਕਾਰਨ ਕਿਸਾਨ ਅਤੇ ਮਜ਼ਦੂਰ ਆ ਲੱਕ ਟੁੱਟਿਆ ਪਿਆ ਹੈ। ਬਿਜਲੀ ਸੰਸ਼ੋਧਨ ਐਕਟ 2025, ਸੀਡ ਬਿਲ, ਰਾਮ ਜੀ ਰਾਮ ਸਕੀਮ, ਨਵੇਂ ਲੇਬਰ ਕੋਡ ਤੇ ਇੱਕ ਦੇਸ਼ ਇੱਕ ਭੂਮੀ ਰਿਜ਼ਰਵੇਸ਼ਨ ਦਾ ਕਾਨੂੰਨ ਰੱਦ ਕੀਤਾ ਜਾਵੇ। ਦੇਸ਼ ਦੀ ਕਿਰਤੀ ਲੋਕ ਕਦੇ ਵੀ ਇਹ ਕਾਨੂੰਨ ਇੱਥੇ ਲਾਗੂ ਨਹੀਂ ਹੋਣ ਦੇਣਗੇ। ਕਿਸਾਨ ਆਗੂਆਂ ਨੇ ਇਕੱਠ ਵੱਲੋਂ ਪਾਸ ਕੀਤੇ ਮਤਿਆਂ ਰਾਹੀਂ ਮੰਗ ਕੀਤੀ ਹੈ ਤੇ ਕਿ ਦਿੱਲੀ ਅੰਦੋਲਨ 2 ਦੇ ਸ਼ਹੀਦਾਂ ਦੇ ਪਰਿਵਾਰਾਂ ਅਤੇ ਜ਼ਖਮੀਆਂ ਨੂੰ ਮੁਆਵਜਾ ਦਿੱਤਾ ਜਾਵੇ ਤੇ 3 ਕਰੋੜ 77 ਲੱਖ ਰੁਪਏ ਦੇ ਟਰਾਲੀਆਂ ਸਮੇਤ ਸਾਰੇ ਨਸ਼ਟ ਤੇ ਚੋਰੀ ਹੋਏ ਸਾਮਾਨ ਦੀ ਭਰਪਾਈ ਕੀਤੀ ਜਾਵੇ। ਹੜ੍ਹਾਂ ਦਾ ਮੁਆਵਜ਼ਾ ਤੇ ਪਰਾਲੀ ਦੇ ਪਰਚੇ ਰੱਦ ਕੀਤੇ ਜਾਣ, ਕਿਸਾਨ ਮਜ਼ਦੂਰਾਂ ਦਾ ਕਰਜ਼ਾ ਖਤਮ, ਐੱਮਐੱਸਪੀ ਦੀ ਗਰੰਟੀ ਦਾ ਕਾਨੂੰਨ ਤੇ ਆਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ। ਦਿੱਲੀ ਕਟੱੜਾ ਐਕਸਪ੍ਰੈਸ ਵੇ ਪਿਛਲੇ 67 ਦਿਨਾਂ ਤੋਂ ਲਗਾਤਾਰ ਧਰਨਾ ਚੱਲ ਰਿਹਾ ਹੈ। ਇਸ ਰੋਡ ਨੂੰ ਬਣਾਉਣ ਦੌਰਾਨ ਕਿਸਾਨਾਂ ਦੀ ਹੋਈ ਲੁੱਟ ਦੀ ਭਰਪਾਈ ਕੀਤੀ ਜਾਵੇ। ਜੇਕਰ ਰੋਡ ਨਾਲ ਸਬੰਧਤ ਸਾਰੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਆਗੂ ਪਰਮਿੰਦਰ ਸਿੰਘ ਬਾਬਰਪੁਰ, ਯਾਦਵਿੰਦਰ ਸਿੰਘ ਬੁਰੜ, ਪਰਮਜੀਤ ਸਿੰਘ ਹਰਦਾਸਪੁਰ, ਜਗਮੇਲ ਸਿੰਘ ਬੰਮਣਾ, ਗਮਦੂਰ ਸਿੰਘ ਬਾਬਰਪੁਰ, ਮਨਦੀਪ ਸਿੰਘ ਭੂਤਗੜ੍ਹ, ਕਿਰਨਜੀਤ ਕੌਰ ਬਮਣਾ, ਹਰਬੰਸ ਸਿੰਘ ਪ੍ਰਧਾਨ ਪਟਿਆਲਾ, ਚਮਕੌਰ ਸਿੰਘ ਘਨੂੜਕੀ, ਗੁਰਜਿੰਦਰ ਸਿੰਘ ਸਧਾਰਨਪੁਰ, ਰਾਜ ਕੌਰ ਬਰਾਸ, ਗਗਨਦੀਪ ਸਿੰਘ ਮਾਨ, ਅਮਰਿੰਦਰ ਸਿੰਘ ਘੱਗਾ ਆਦਿ ਹਾਜ਼ਰ ਸਨ।