ਕਿੰਡਰ-ਗਾਰਟਨ ਦਾ ਗ੍ਰੈਜੂਏਸ਼ਨ ਸਮਾਰੋਹ ਕਰਵਾਇਆ
ਕਿੰਡਰ-ਗਾਰਟਨ ਦਾ ਗ੍ਰੈਜੂਏਸ਼ਨ ਸਮਾਰੋਹ ਕਰਵਾਇਆ ਗਿਆ
Publish Date: Thu, 19 Mar 2026 06:19 PM (IST)
Updated Date: Thu, 19 Mar 2026 06:22 PM (IST)

ਜੀਐੱਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਡਾ. ਬੀ. ਐੱਸ. ਸੰਧੂ ਮੈਮੋਰੀਅਲ ਪਬਲਿਕ ਸਕੂਲ, ਘਡ਼ਾਮ ਰੋਡ, ਜੁਲਾਹ ਖੇਡ਼ੀ ਵਿਖੇ ਪ੍ਰੈਪ-2 ਜਮਾਤ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਲਈ ਗ੍ਰੈਜੂਏਸ਼ਨ ਸਮਾਰੋਹ ਬਡ਼ੀ ਧੂਮਧਾਮ ਨਾਲ ਮਨਾਇਆ ਗਿਆ। ਇਹ ਸਮਾਗਮ ਬੱਚਿਆਂ ਦੀ ਮੁੱਢਲੀ ਸਿੱਖਿਆ ਦੇ ਪਡ਼ਾਅ ਨੂੰ ਸਫਲਤਾਪੂਰਵਕ ਪੂਰਾ ਕਰਨ ਦੀ ਖੁਸ਼ੀ ਵਿਚ ਕੀਤਾ ਗਿਆ ਸੀ। ਇਸ ਮੌਕੇ ਸਕੂਲ ਦੇ ਚੇਅਰਮੈਨ ਹਰਦੀਪ ਸਿੰਘ ਸੰਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਚਪਨ ਦੀ ਸਿੱਖਿਆ ਹੀ ਬੱਚੇ ਦੇ ਉੱਜਵਲ ਭਵਿੱਖ ਦੀ ਨੀਂਹ ਹੁੰਦੀ ਹੈ ਅਤੇ ਸਕੂਲ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਹਮੇਸ਼ਾ ਤਤਪਰ ਹੈ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਰਜਿੰਦਰ ਕੌਰ ਸੰਧੂ ਨੇ ਬੱਚਿਆਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਨੰਨ੍ਹੇ ਸਿਤਾਰਿਆਂ ਦਾ ਉਤਸ਼ਾਹ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਅਤੇ ਸਕੂਲ ਦਾ ਉਦੇਸ਼ ਇਨ੍ਹਾਂ ਨੂੰ ਵਧੀਆ ਸੰਸਕਾਰ ਅਤੇ ਉੱਚ ਪੱਧਰੀ ਸਿੱਖਿਆ ਪ੍ਰਦਾਨ ਕਰਨਾ ਹੈ। ਇਸ ਸਮਾਗਮ ਦੌਰਾਨ ਬੱਚਿਆਂ ਨੂੰ ਡਿਗਰੀਆਂ ਅਤੇ ਸਰਟੀਫਿਕੇਟ ਵੰਡੇ ਗਏ। ਸਕੂਲ ਦੀ ਪ੍ਰਿੰਸੀਪਲ ਤਰਨਦੀਪ ਕੌਰ ਅਰੋਡ਼ਾ ਨੇ ਕਿਹਾ ਅੱਜ ਸਾਡੇ ਬੱਚੇ ਆਪਣੀ ਸਿੱਖਿਆ ਦੇ ਪਹਿਲੇ ਪਡ਼ਾਅ ਨੂੰ ਪੂਰਾ ਕਰਕੇ ਪ੍ਰਾਇਮਰੀ ਜਮਾਤਾਂ ਵਿਚ ਪ੍ਰਵੇਸ਼ ਕਰ ਰਹੇ ਹਨ। ਅਸੀਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦੇ ਹਾਂ। ਇਸ ਮੌਕੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ, ਜਿਸ ਵਿਚ ਉਨ੍ਹਾਂ ਨੇ ਗੀਤਾਂ ਅਤੇ ਕਵਿਤਾਵਾਂ ਰਾਹੀਂ ਸਭ ਦਾ ਮਨ ਮੋਹ ਲਿਆ। ਅੰਤ ਵਿੱਚ ਬੱਚਿਆਂ ਨੇ ਆਪਣੀਆਂ ’ਗ੍ਰੈਜੂਏਸ਼ਨ ਕੈਪਸ’ ਹਵਾ ਵਿੱਚ ਉਛਾਲ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।