ਕਰਹਾਲੀ ਸਾਹਿਬ ਕਾਲਜ ’ਚ ਸੰਗੀਤਮਈ ਸਾਂਝ ਪ੍ਰੋਗਰਾਮ ਕਰਵਾਇਆ
ਕਰਹਾਲੀ ਸਾਹਿਬ ਕਾਲਜ ਵਿੱਚ ਸੰਗੀਤਮਈ ਸਾਂਝ ਪ੍ਰੋਗ੍ਰਾਮ ਦਾ ਆਯੋਜਨ
Publish Date: Fri, 24 Apr 2026 04:25 PM (IST)
Updated Date: Fri, 24 Apr 2026 04:28 PM (IST)

ਭੁਪਿੰਦਰ ਸਿੰਘ ਲਵਲੀ, ਪੰਜਾਬੀ ਜਾਗਰਣ, ਬਲਬੇੜ੍ਹਾ : ਗੁਰੂ ਹਰਗੋਬਿੰਦ ਸਾਹਿਬ ਖਾਲਸਾ ਗਰਲਜ਼ ਕਾਲਜ ਕਰਹਾਲੀ ਸਾਹਿਬ ਦੇ ਮਿਊਜਿਕ ਵਿਭਾਗ ਵੱਲੋਂ ਸੰਗੀਤਮਈ ਸਾਂਝ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ’ਚ ਪ੍ਰੋ. ਤਰਨਜੀਤ ਸਿੰਘ ਜਨਰਲ ਸਕੱਤਰ ਰਾਸ਼ਟਰੀ ਮਨੁੱਖੀ ਅਧਿਕਾਰ ਪ੍ਰੀਸ਼ਦ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਦੇਵਕੀ ਦੇਵੀ ਸਹਾਇਕ ਰਜਿਸਟਰਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਜਗਦੇਵ ਕੁਮਾਰ ਮਹਿੰਦਰਾ ਕਾਲਜ ਪਟਿਆਲਾ, ਪਰਗਟ ਸਿੰਘ ਸਕੂਲ ਆਫ ਐਮੀਨੈਂਸ ਫੀਲਖਾਨਾ ਪਟਿਆਲਾ, ਗਜ਼ਲਕਾਰ ਮਿਸ ਸਰਗਮ, ਤਬਲਾ ਵਾਦਕ ਮਨਕਰਨ ਸਿੰਘ ਤੇ ਸਿਤਾਰ ਵਾਦਕ ਦਿਵਨੀਤ ਕੌਰ ਨੇ ਉਚੇਚੇ ਤੌਰ ’ਤੇ ਹਾਜ਼ਰੀ ਭਰੀ। ਡਾ. ਜਗਦੇਵ ਸਿੰਘ ਨੇ ਸ੍ਰੋਤਿਆਂ ਨੂੰ ਭਾਰਤੀ ਸੰਗੀਤ ਪ੍ਰੰਪਰਾ ਦੀ ਮਹਾਨਤਾ ਅਤੇ ਮਹੱਤਵ ਬਾਰੇ ਦੱਸਦਿਆਂ ਹੋਇਆਂ ਕਿਹਾ ਕਿ ਹਰ ਦੇਵਤੇ ਦੀ ਫੋਟੋ ਉੱਤੇ ਹੱਥ ਵਿਚ ਕਿਸੇ ਸਾਜ ਦਾ ਹੋਣਾ ਭਾਰਤੀ ਸੰਗੀਤ ਅਤੇ ਅਧਿਆਤਮਕਤਾ ਦੇ ਰਿਸ਼ਤੇ ਦੀ ਪੇਸ਼ਕਾਰੀ ਕਰਦਾ ਹੈ। ਉਨ੍ਹਾਂ ਨੇ ਗੁਰਬਾਣੀ ਦੇ ਹਵਾਲੇ ਨਾਲ ਮਨੁੱਖੀ ਜੀਵਨ ਵਿੱਚ ਸੰਗੀਤ ਦੇ ਮਹੱਤਵ ਨੂੰ ਸਮਝਾਇਆ। ਮਿਸ ਦਿਵਨੀਤ ਕੌਰ ਸਿਤਾਰ ਵਾਦਕ ਅਤੇ ਮਨਕਰਨ ਸਿੰਘ ਤਬਲਾਵਾਦਕ ਨੇ ਮਿਊਜਿਕ ਦੀਆਂ ਮਧੁਰ ਧੁਨਾਂ ਨਾਲ ਵਾਤਾਵਰਨ ਨੂੰ ਸੰਗੀਤਮਈ ਬਣਾ ਦਿੱਤਾ। ਪ੍ਰੋ. ਤਰਨਜੀਤ ਸਿੰਘ ਨੇ ਕਾਲਜ ਦੇ ਮਿਊਜਕ ਵਿਭਾਗ ਦੀਆਂ ਵਿਦਿਆਰਥਣਾਂ ਗਗਨਦੀਪ ਕੌਰ ਅਤੇ ਰੰਜਨਾ ਨੂੰ ਗਿਆਰਾਂ-ਗਿਆਰਾਂ ਸੌ ਰੁਪਏ ਦੇ ਕੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ। ਇਸ ਮੌਕੇ ਬੋਲਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਰਮਨਜੀਤ ਕੌਰ ਨੇ ਕਿਹਾ ਕਿ ਅੱਜ ਦੀ ਦੌੜ-ਭੱਜ ਵਾਲੀ ਜ਼ਿੰਦਗੀ ਵਿਚ ਸੰਗੀਤ ਅਜਿਹਾ ਸਾਧਨ ਹੈ ਜੋ ਰੂਹ ਨੂੰ ਸ਼ਾਂਤੀ ਅਤੇ ਆਨੰਦ ਪ੍ਰਦਾਨ ਕਰਦਾ ਹੈ। ਇਸ ਲਈ ਮਿਊਜਿਕ ਹਰ ਮਨੁੱਖ ਦੀ ਜ਼ਿੰਦਗੀ ਦਾ ਹਿੱਸਾ ਹੋਣਾ ਚਾਹੀਦਾ ਹੈ। ਸਮੁੱਚੇ ਪ੍ਰੋਗ੍ਰਾਮ ਦਾ ਸੰਚਾਲਨ ਮਿਊਜਕ ਵਿਭਾਗ ਦੇ ਮੁਖੀ ਪ੍ਰੋ. ਰੋਹਿਤ ਸਿੰਘ ਨੇ ਕੀਤਾ।