ਖੰਗੂੜਾ ਜੋੜੀ ਨੇ ਮੁੱਖ ਮੰਤਰੀ ਦੇ ਦਫ਼ਤਰ ਦਾ ਕੁੰਡਾ ਖੜਕਾਇਆ
ਖੰਗੂੜਾ ਜੋੜੀ ਨੇ ਮੁੱਖ ਮੰਤਰੀ ਦੇ ਦਫ਼ਤਰ ਦਾ ਕੁੰਡਾ ਖੜਕਾਇਆ
Publish Date: Mon, 27 Apr 2026 05:56 PM (IST)
Updated Date: Tue, 28 Apr 2026 04:08 AM (IST)

ਸਾਬਕਾ ਵਿਧਾਇਕ ਗੋਲਡੀ ਤੇ ਸਿਮਰਤ ਖੰਗੂੜਾ ਨੇ ਸਰਕਾਰ ਨੂੰ ਘੇਰਿਆ ਨਸ਼ੇ ਅਤੇ ਪ੍ਰਸ਼ਾਸਨਿਕ ਸੁਸਤੀ ਖ਼ਿਲਾਫ਼ ਕੱਢੀ ਭੜਾਸ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਹਲਕੇ ਧੂਰੀ ਵਿੱਚ ਨਸ਼ੇ ਦੀ ਕਥਿਤ ਵਿਕਰੀ ਤੇ ਆਮ ਲੋਕਾਂ ਦੇ ਅਟਕੇ ਹੋਏ ਜਾਇਜ਼ ਕੰਮਾਂ ਨੂੰ ਲੈ ਕੇ ਸੋਮਵਾਰ ਨੂੰ ਸਾਬਕਾ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਤੇ ਉਨ੍ਹਾਂ ਦੀ ਧਰਮ ਪਤਨੀ ਸਿਮਰਤ ਕੌਰ ਖੰਗੂੜਾ ਨੇ ਇਲਾਕੇ ਦੀਆਂ ਮਹਿਲਾਵਾਂ ਦੇ ਵੱਡੇ ਕਾਫਲੇ ਨਾਲ ਪ੍ਰਸ਼ਾਸਨ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ। ਉਨ੍ਹਾਂ ਨੇ ਪਹਿਲਾਂ ਪੁਲਿਸ ਪ੍ਰਸ਼ਾਸਨ ਨੂੰ ਤਿੱਖੇ ਸ਼ਬਦਾਂ ਵਿੱਚ ਘੇਰਿਆ ਤੇ ਫਿਰ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਦਾ “ਕੁੰਡਾ” ਖ਼ੜਕਾ ਕੇ ਸੱਤਾਧਾਰੀਆਂ ਨੂੰ ਝੰਝੋੜਣ ਦੀ ਕੋਸ਼ਿਸ਼ ਕੀਤੀ। ਡੀਐੱਸਪੀ ਦਫ਼ਤਰ ਧੂਰੀ ਵਿਚ ਡੀਐੱਸਪੀ ਗੁਰਪ੍ਰੀਤ ਸਿੰਘ ਨਾਲ ਮੁਲਾਕਾਤ ਦੌਰਾਨ ਦਲਵੀਰ ਸਿੰਘ ਗੋਲਡੀ ਨੇ ਤਿੱਖੇ ਤੇਵਰ ਦਿਖਾਏ। ਉਨ੍ਹਾਂ ਨੇ ਦੋਸ਼ ਲਾਇਆ ਕਿ ਹਲਕੇ ਵਿਚ ਨਸ਼ਾ ਖੁੱਲ੍ਹੇਆਮ ਵਿਕ ਰਿਹਾ ਹੈ ਤੇ ਚਿੱਟੇ ਵਰਗੇ ਘਾਤਕ ਨਸ਼ਿਆਂ ਨੇ ਕਈ ਮਾਵਾਂ ਦੇ ਪੁੱਤਰ ਖੋਹ ਲਏ ਹਨ। ਉਨ੍ਹਾਂ ਕਿਹਾ ਕਿ ਘਰਾਂ ਵਿੱਚ ਸੋਗ ਦਾ ਮਾਹੌਲ ਹੈ ਪਰ ਪੁਲਿਸ ਦੀ ਕਾਰਗੁਜ਼ਾਰੀ ਸਿਰਫ਼ ਕਾਗਜ਼ਾਂ ਤੱਕ ਸੀਮਿਤ ਰਹਿ ਗਈ ਹੈ। ਗੋਲਡੀ ਮੁਤਾਬਕ ਨਸ਼ਾ ਤਸਕਰਾਂ ’ਤੇ ਲਗਾਮ ਕਸਣ ਦੀ ਬਜਾਏ ਪੁਲਿਸ ਸਿਰਫ਼ ਰਸਮੀ ਕਾਰਵਾਈ ਕਰ ਰਹੀ ਹੈ, ਜਿਸ ਨਾਲ ਲੋਕਾਂ ’ਚ ਡਰ ਤੇ ਰੋਸ ਵਧ ਰਿਹਾ ਹੈ। ਪੁਲਿਸ ਨੂੰ ਘੇਰਨ ਤੋਂ ਬਾਅਦ “ਖੰਗੂੜਾ ਜੋੜੀ” ਮੁੱਖ ਮੰਤਰੀ ਦੇ ਕੈਂਪ ਦਫ਼ਤਰ ਧੂਰੀ ਪਹੁੰਚੀ। ਉੱਥੇ ਦਫ਼ਤਰ ਦੇ ਮੁੱਖ ਗੇਟ ’ਤੇ ਤਾਲਾ ਲੱਗਾ ਹੋਣ ਕਾਰਨ ਉਨ੍ਹਾਂ ਨੇ ਸਖਤ ਵਿਰੋਧ ਜਤਾਇਆ ਤੇ ਪ੍ਰਤੀਕਾਤਮਕ ਤੌਰ ’ਤੇ ਗੇਟ ਦਾ ਕੁੰਡਾ ਖੜਕਾ ਕੇ ਰੋਸ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਜੇ ਮੁੱਖ ਮੰਤਰੀ ਦੇ ਆਪਣੇ ਹਲਕੇ ਦੇ ਦਫ਼ਤਰ ਹੀ ਲੋਕਾਂ ਲਈ ਬੰਦ ਰਹਿਣਗੇ ਤਾਂ ਜਨਤਾ ਆਪਣੀਆਂ ਸ਼ਿਕਾਇਤਾਂ ਕਿੱਥੇ ਲੈ ਕੇ ਜਾਵੇਗੀ? ਇਸ ਦੌਰਾਨ ਦਫ਼ਤਰ ਇੰਚਾਰਜ ਦਲਵੀਰ ਸਿੰਘ ਢਿੱਲੋਂ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਮੌਕੇ ’ਤੇ ਹਾਲਾਤ ਸੰਭਾਲਣ ਦੀ ਕੋਸ਼ਿਸ਼ ਕੀਤੀ। ਸਿਮਰਤ ਕੌਰ ਖੰਗੂੜਾ ਨੇ ਪ੍ਰਸ਼ਾਸਨਿਕ ਨਾਕਾਮੀਆਂ ਬਾਰੇ ਦੱਸਦੇ ਹੋਏ ਕਿਹਾ ਕਿ ਗਰੀਬ ਲੋਕਾਂ ਦੀ ਪੈਨਸ਼ਨ ਇੱਕ-ਇੱਕ ਸਾਲ ਤੋਂ ਨਹੀਂ ਲੱਗ ਰਹੀ ਤੇ ਸੁਵਿਧਾ ਕੇਂਦਰਾਂ ’ਚ ਵੀ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਕੱਚੇ ਘਰਾਂ ਦੇ ਡਿੱਗਣ ਨਾਲ ਪ੍ਰਭਾਵਿਤ ਲੋਕਾਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ। ਆਮ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ‘ਆਪ’ ਨੇਤਾਵਾਂ ਨੇ ਜਲਦੀ ਹੱਲ ਦਾ ਭਰੋਸਾ ਦਿੱਤਾ, ਪਰ “ਖੰਗੂੜਾ ਜੋੜੀ” ਨੇ ਸਪਸ਼ਟ ਕਰ ਦਿੱਤਾ ਕਿ ਜੇਕਰ ਜ਼ਮੀਨੀ ਪੱਧਰ ’ਤੇ ਸੁਧਾਰ ਨਾ ਹੋਇਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਦੂਜੇ ਪਾਸੇ ਡੀਐੱਸਪੀ ਗੁਰਪ੍ਰੀਤ ਸਿੰਘ ਨੇ ਨਸ਼ੇ ਦੇ ਦੋਸ਼ਾਂ ’ਤੇ ਸਫ਼ਾਈ ਦਿੰਦਿਆਂ ਕਿਹਾ ਕਿ ਪੁਲਿਸ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤੀ ਨਾਲ ਕਾਰਵਾਈ ਕਰ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਵੇਚਣ ਵਾਲਿਆਂ ਬਾਰੇ ਗੁਪਤ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ ਤਾਂ ਜੋ ਇਸ ਬੁਰਾਈ ਨੂੰ ਜੜੋਂ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਕਿਸੇ ਨਾਲ ਵੀ ਰਿਆਇਤ ਨਹੀਂ ਕੀਤੀ ਜਾਵੇਗੀ।