ਖ਼ਾਲਸਾ ਕਾਲਜ ਪਟਿਆਲਾ ਵਿਖੇ ਸਿਮਰਨਦੀਪ ਕੌਰ ਦਾ ਕੀਤਾ ਸਨਮਾਨ
ਖ਼ਾਲਸਾ ਕਾਲਜ ਪਟਿਆਲਾ ਵਿਖੇ ਸਿਮਰਨਦੀਪ ਕੌਰ ਦਾ ਕੀਤਾ ਸਨਮਾਨ
Publish Date: Thu, 30 Apr 2026 06:32 PM (IST)
Updated Date: Thu, 30 Apr 2026 06:35 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਖ਼ਾਲਸਾ ਕਾਲਜ ਪਟਿਆਲਾ ਦੇ ਪੋਲੀਟੀਕਲ ਸਾਇੰਸ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਪ੍ਰਤੀ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਇੰਟਰਐਕਟਿਵ ਸੈਸ਼ਨ ਕਰਵਾਇਆ ਗਿਆ। ਪ੍ਰੋਗਰਾਮ ਵਿਚ ਮੁੱਖ ਬੁਲਾਰੇ ਵਜੋਂ ਕਾਲਜ ਦੀ ਸਾਬਕਾ ਵਿਦਿਆਰਥਣ ਸਿਮਰਨਦੀਪ ਕੌਰ ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੇ ਯੂਪੀਐੱਸਸੀ ਪ੍ਰੀਖਿਆ 2025 ਵਿਚ ਦੇਸ਼ ਭਰ ’ਚੋਂ 15ਵਾਂ ਰੈਂਕ ਹਾਸਲ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਸਿਮਰਨਦੀਪ ਦਾ ਸਵਾਗਤ ਕਰਦਿਆਂ ਕਿਹਾ ਕਿ ਕਿਸੇ ਸੰਸਥਾ ਲਈ ਇਸ ਤੋਂ ਵੱਡੀ ਮਾਣ ਵਾਲੀ ਗੱਲ ਨਹੀਂ ਹੋ ਸਕਦੀ ਕਿ ਉਸ ਦਾ ਵਿਦਿਆਰਥੀ ਦੇਸ਼ ਦੇ ਸਰਵਉੱਚ ਪ੍ਰਸ਼ਾਸਨਿਕ ਅਹੁਦੇ ’ਤੇ ਬਿਰਾਜਮਾਨ ਹੋਵੇ। ਉਨ੍ਹਾਂ ਕਿਹਾ ਕਿ ਸਿਮਰਨਦੀਪ ਦੀ ਸਖ਼ਤ ਮਿਹਨਤ ਮੌਜੂਦਾ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹੈ। ਡਿਪਟੀ ਪ੍ਰਿੰਸੀਪਲ ਜਸਲੀਨ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਇਰਾਦਾ ਦ੍ਰਿੜ ਹੋਵੇ ਤਾਂ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਿਮਰਨਦੀਪ ਦੇ ਨਕਸ਼ੇ-ਕਦਮਾਂ ’ਤੇ ਚੱਲਦਿਆਂ ਅਕਾਦਮਿਕ ਖੇਤਰ ਦੇ ਨਾਲ-ਨਾਲ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਵੀ ਮੱਲਾਂ ਮਾਰਨ। ਵਿਭਾਗ ਮੁਖੀ ਡਾ. ਜਗਤਾਰ ਸਿੰਘ ਨੇ ਦੱਸਿਆ ਕਿ ਸਿਮਰਨਦੀਪ ਹਮੇਸ਼ਾ ਹੀ ਹੋਣਹਾਰ ਰਹੀ ਹੈ ਅਤੇ ਅੱਜ ਦਾ ਸੈਸ਼ਨ ਵਿਦਿਆਰਥੀਆਂ ਦੇ ਮਨਾਂ ’ਚੋਂ ਪ੍ਰੀਖਿਆ ਦਾ ਡਰ ਕੱਢਣ ਲਈ ਅਹਿਮ ਹੈ। ਸਿਮਰਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਤਿਆਰੀ ਦੇ ਨੁਕਤੇ ਦੱਸਦਿਆਂ ਕਿਹਾ ਕਿ ਸਫ਼ਲਤਾ ਲਈ ਕੋਈ ਸ਼ਾਰਟਕੱਟ ਨਹੀਂ ਹੁੰਦਾ, ਸਿਰਫ਼ ਲਗਾਤਾਰ ਪੜ੍ਹਾਈ ਅਤੇ ਸਹੀ ਰਣਨੀਤੀ ਹੀ ਮੰਜ਼ਿਲ ਤੱਕ ਪਹੁੰਚਾਉਂਦੀ ਹੈ। ਉਨ੍ਹਾਂ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦੇ ਕੇ ਉਨ੍ਹਾਂ ਨੂੰ ਸਿਵਲ ਸੇਵਾਵਾਂ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਰਜਿਸਟਰਾਰ ਇੰਦਰਬੀਰ ਕੌਰ,ਪ੍ਰੋ. ਗੁਰਪਾਲ ਸਿੰਘ , ਡਾ ਸਰਬਜੀਤ ਸਿੰਘ,ਸਮੇਤ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।