ਮਿਸ਼ਨ ਕਲੀਨ ਪਟਿਆਲਾ ਤਹਿਤ ਚਲਾਈ ਸਫ਼ਾਈ ਮੁਹਿੰਮ
ਮਿਸ਼ਨ ਕਲੀਨ ਪਟਿਆਲਾ ਅਧੀਨ ਸਫਾਈ ਅਭਿਆਨ ਦਾ ਆਯੋਜਨ
Publish Date: Sat, 02 May 2026 05:13 PM (IST)
Updated Date: Sat, 02 May 2026 05:14 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਸਾਹਿਬ ਕੌਰ ਖਾਲਸਾ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਪਟਿਆਲਾ ਵਿਖੇ ਕਾਲਜ ਦੇ ਐੱਨਐੱਸਐੱਸ ਵਿਭਾਗ ਅਤੇ ਈਕੋ ਕਲੱਬ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ, ਨਗਰ ਨਿਗਮ ਪਟਿਆਲਾ ਅਤੇ ਜ਼ਿਲ੍ਹਾ ਸਿਹਤ ਵਿਭਾਗ ਪਟਿਆਲਾ ਦੇ ਸਹਿਯੋਗ ਨਾਲ ਕਾਲਜ ਵਿਦਿਆਰਥਣਾਂ ਵੱਲੋਂ ਪ੍ਰਤਾਪ ਨਗਰ ਸੜਕ ’ਤੇ ਸਫ਼ਾਈ ਕੀਤੀ ਗਈ। ਇਸ ਮੌਕੇ ਕਾਲਜ ਪ੍ਰਿੰਸੀਪਲ, ਡਾ. ਹਰਮੀਤ ਕੌਰ ਆਨੰਦ ਨੇ ਕਿਹਾ ਕਿ ਸਵੱਛਤਾ ਸਾਡੇ ਜੀਵਨ ਦਾ ਅਨਿਖੜਵਾਂ ਹਿੱਸਾ ਹੈ। ਸਾਨੂੰ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਆਪਣੇ ਦੇਸ਼ ਅਤੇ ਆਲੇ-ਦੁਆਲੇ ਨੂੰ ਸਾਫ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਦੇ ਅਧਿਆਪਕ ਹੋਣ ਨਾਤੇ ਅਸੀਂ ਆਪਣੇ ਕਾਲਜ ਵਿਦਿਆਰਥੀਆਂ ਤੋਂ ਆਸ ਕਰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਇਸ ਮੁਹਿੰਮ ਨੂੰ ਅੱਗੇ ਪਹੁੰਚਾਉਣ ਵਿੱਚ ਮਦਦ ਕਰੋਗੇ। ਇਸ ਮੌਕੇ ਗੁਰਕਰਨ ਸਿੰਘ ਕਾਰਜਕਾਰੀ ਇੰਜੀਨੀਅਰ, ਪ੍ਰਦੂਸ਼ਣ ਕੰਟਰੋਲ ਬੋਰਡ, ਪਟਿਆਲਾ ਦੀ ਅਗਵਾਈ ਹੇਠ ਮਜ਼ੀਦ ਸ਼ੇਖ ਨੋਡਲ ਅਫਸਰ ਅਤੇ ਰਿਸ਼ਭ ਗੁਪਤਾ ਸੈਨੇਟਰੀ ਇੰਸਪੈਕਟਰ ਨਗਰ ਨਿਗਮ ’ਤੇ ਉਨ੍ਹਾਂ ਦੀ ਟੀਮ ਵੱਲੋਂ ਇਸ ਸਫ਼ਾਈ ਮੁਹਿੰਮ ਵਿੱਚ ਭਰਪੂਰ ਸਹਿਯੋਗ ਦਿੱਤਾ ਗਿਆ। ਇਸ ਮੌਕੇ ਕਾਲਜ ਵਿਦਿਆਰਥਣਾਂ ਵੱਲੋਂ ਪ੍ਰਤਾਪ ਨਗਰ, ਪਟਿਆਲਾ ਵਿੱਚ ਸਫ਼ਾਈ ਦੀ ਮਹੱਤਤਾ ਨੂੰ ਦਰਸਾਉਂਦੀ ਹੋਈ ਜਾਗਰੂਕਤਾ ਰੈਲੀ ਕੱਢੀ ਗਈ। ਜ਼ਿਲ੍ਹਾ ਸਿਹਤ ਵਿਭਾਗ, ਪਟਿਆਲਾ ਵੱਲੋਂ ਡਾ. ਸ਼ੈਲੀ ਜੇਤਲੀ ਸਿਵਲ ਸਰਜਨ ਪਟਿਆਲਾ, ਡਾ. ਲਵੇਸ਼ ਕੁਮਾਰ ਐੱਸਐੱਮਓ ਅਤੇ ਉਨ੍ਹਾਂ ਦੀ ਟੀਮ ਵੱਲੋਂ ਡੇਂਗੂ ਬਿਮਾਰੀ ਦੇ ਕਾਰਨਾਂ ਅਤੇ ਉਨ੍ਹਾਂ ਤੋਂ ਬਚਣ ਲਈ ਕੀਤੇ ਜਾਣ ਵਾਲੇ ਕਾਰਜਾਂ ਤੋਂ ਵਿਦਿਆਰਥਣਾਂ ਨੂੰ ਜਾਗਰੂਕ ਕੀਤਾ ਗਿਆ।