ਖ਼ਾਲਸਾ ਕਾਲਜ ਵਿਖੇ ਵਰਕਸ਼ਾਪ ਕਰਵਾਈ
ਖ਼ਾਲਸਾ ਕਾਲਜ ਵਿਖੇ ਵਰਕਸ਼ਾਪ ਦਾ ਆਯੋਜਨ
Publish Date: Wed, 11 Mar 2026 06:17 PM (IST)
Updated Date: Wed, 11 Mar 2026 06:21 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ•, ਪਟਿਆਲਾ : ਖ਼ਾਲਸਾ ਕਾਲਜ ਪਟਿਆਲਾ ਦੇ ਕੰਪਿਊਟਰ ਸਾਇੰਸ ਵਿਭਾਗ ਦੇ ‘ਡਿਜੀਟਲ ਡਰੀਮਰਜ਼ ਕਲੱਬ’ ਵੱਲੋਂ ਜ਼ੀ ਇੰਸਟੀਚਿਊਟ ਆਫ਼ ਕਰੀਏਟਿਵ ਆਰਟ (ਜ਼ੀਕਾ) ਪਟਿਆਲਾ ਦੇ ਸਹਿਯੋਗ ਨਾਲ ‘ਡਿਜੀਟਲ ਯੁੱਗ ’ਚ ਰਚਨਾਤਮਕ ਕਰੀਅਰ’ ਵਿਸ਼ੇ ’ਤੇ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਡਿਜੀਟਲ ਮੀਡੀਆ ਉਦਯੋਗ ’ਚ ਉੱਭਰ ਰਹੇ ਮੌਕਿਆਂ ਦਾ ਲਾਭ ਉਠਾਉਣ ਲਈ ਆਪਣੀ ਰਚਨਾਤਮਕਤਾ ਅਤੇ ਤਕਨੀਕੀ ਮੁਹਾਰਤ ਨੂੰ ਨਿਖਾਰਨ ਲਈ ਪ੍ਰੇਰਿਤ ਕੀਤਾ। ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾ. ਵਿਕਰਮ ਗੁਪਤਾ ਨੇ ਅਜੋਕੇ ਤਕਨਾਲੋਜੀ ਦੇ ਦੌਰ ਵਿੱਚ ਰਚਨਾਤਮਕ ਖੇਤਰਾਂ ਦੀ ਵਧ ਰਹੀ ਅਹਿਮੀਅਤ ਬਾਰੇ ਚਾਨਣਾ ਪਾਇਆ। ਪ੍ਰੋਗਰਾਮ ਦੀ ਸ਼ੁਰੂਆਤ ਡਿਜੀਟਲ ਡਰੀਮਰਜ਼ ਕਲੱਬ ਦੇ ਕਨਵੀਨਰ ਪ੍ਰੋ. ਜਸਪ੍ਰੀਤ ਸਿੰਘ ਦੇ ਸਵਾਗਤੀ ਭਾਸ਼ਣ ਨਾਲ ਹੋਈ, ਜਿਨ੍ਹਾਂ ਨੇ ਸਮਾਗਮ ਦੇ ਮੁੱਖ ਉਦੇਸ਼ਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਵਰਕਸ਼ਾਪ ਦੇ ਮੁੱਖ ਬੁਲਾਰੇ ਜ਼ੀਕਾ ਦੇ ਪਲੇਸਮੈਂਟ ਹੈੱਡ ਮਿਸਟਰ ਤਨਮਯ ਨਾਗ ਨੇ ਵਿਦਿਆਰਥੀਆਂ ਨੂੰ ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗ੍ਰਾਫਿਕਸ ਅਤੇ ਗੇਮਿੰਗ ਦੇ ਖੇਤਰ ’ਚ ਰੁਜ਼ਗਾਰ ਦੇ ਵਿਸ਼ਾਲ ਮੌਕਿਆਂ ਬਾਰੇ ਵਿਸਥਾਰਪੂਰਵਕ ਦੱਸਿਆ। ਇਸ ਦੌਰਾਨ ਜ਼ੀਕਾ ਪਟਿਆਲਾ ਦੀ ਪ੍ਰਬੰਧਕੀ ਮੈਂਬਰ ਕੁਮਾਰੀ ਆਸ਼ਿਮਾ ਨੇ ਵੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਦਯੋਗ ਦੀਆਂ ਲੋੜਾਂ ਅਨੁਸਾਰ ਸਿਖਲਾਈ ਪ੍ਰਾਪਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਵਰਕਸ਼ਾਪ ਦੇ ਇੰਟਰਐਕਟਿਵ ਸੈਸ਼ਨ ’ਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਮਾਹਿਰਾਂ ਤੋਂ ਆਪਣੇ ਸਵਾਲਾਂ ਦੇ ਜਵਾਬ ਪ੍ਰਾਪਤ ਕੀਤੇ। ਅੰਤ ’ਚ ਸੀਨੀਅਰ ਫੈਕਲਟੀ ਮੈਂਬਰ ਡਾ. ਸਰਵਜੀਤ ਸਿੰਘ ਭਾਟੀਆ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਵਰਕਸ਼ਾਪ ਦੀ ਸਫ਼ਲਤਾ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।