ਜ਼ਿਲ੍ਹਾ ਲਿਖਾਰੀ ਸਭਾ ਨੇ ਕਰਵਾਇਆ ਕਵੀ ਦਰਬਾਰ
ਜ਼ਿਲ੍ਹਾ ਲਿਖਾਰੀ ਸਭਾ, ਫਤਹਿਗੜ੍ਹ ਸਾਹਿਬ ਵੱਲੋਂ ਵਿਸਾਖੀ ਮੌਕੇ ਕਰਵਾਇਆ ਕਵੀ ਦਰਬਾਰ
Publish Date: Mon, 13 Apr 2026 06:23 PM (IST)
Updated Date: Mon, 13 Apr 2026 06:28 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ, ਸਰਹਿੰਦ ਮੰਡੀ ਵਿਖੇ ਜ਼ਿਲ੍ਹਾ ਲਿਖਾਰੀ ਸਭਾ, ਫਤਹਿਗੜ੍ਹ ਸਾਹਿਬ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਦੀ ਅਗਵਾਈ ਹੇਠ ਲਿਖਾਰੀ ਸਭਾ ਦੀ ਮਹੀਨਾਵਾਰ ਇਕੱਤਰਤਾ ਦੌਰਾਨ ਵਿਸਾਖੀ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ, ਸੀਨੀਅਰ ਮੀਤ ਪ੍ਰਧਾਨ ਪ੍ਰੋ. ਸਾਧੂ ਸਿੰਘ ਪਨਾਗ ਤੇ ਪ੍ਰੈੱਸ ਸਕੱਤਰ ਅਮਰਬੀਰ ਸਿੰਘ ਚੀਮਾ ਮੰਚ ਤੇ ਸੁਸ਼ੋਭਿਤ ਰਹੇ ਜਦਕਿ ਜਨਰਲ ਸਕੱਤਰ ਹਰਜਿੰਦਰ ਸਿੰਘ ਗੋਪਾਲੋਂ ਨੇ ਮੰਚ ਸੰਚਾਲਨ ਕੀਤਾ। ਸਭ ਤੋਂ ਪਹਿਲਾਂ ਸੀਨੀਅਰ ਲੇਖਕ ਡਾ. ਅਮਰ ਕੋਮਲ ਦੀ ਮੌਤ ’ਤੇ ਦੋ ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਉਪਰੰਤ ਵਿਸਾਖੀ ਨੂੰ ਸਮਰਪਿਤ ਕਰਵਾਏ ਕਵੀ ਦਰਬਾਰ ਦੌਰਾਨ ਸਿਮਰਨਜੀਤ ਸਿੰਘ ਨੇ ‘ਇਹੀ ਗੱਲ ਖਾਸ ਹੈ’, ਪ੍ਰੇਮ ਲਤਾ ਨੇ ‘ਲੈ ਹੁਣ ਮੈਂ ਵੀ ’ਕੱਲੀ ਹੋ ਗਈ’, ਭਾਈ ਰਣਜੀਤ ਸਿੰਘ ਫਤਹਿਗੜ੍ਹ ਸਾਹਿਬ ਨੇ ਚੜ੍ਹਦੀ ਕਲਾ ਵਿੱਚ ਖਾਲਸੇ ਨੇ ਰਹਿਣਾ ਏ , ਬਲਤੇਜ ਸਿੰਘ ਬਠਿੰਡਾ ਨੇ ਭੀਖਣ ਸ਼ਾਹ , ਅਜਮੇਰ ਸਿੰਘ ਮਾਨ ਨੇ ਜਮੀਰ ਜਿਨ੍ਹਾਂ ਵੇਚ ਦਿੱਤੀ , ਮਨਿੰਦਰ ਕੌਰ ਨੇ ਜਾਪੇ ਜਿੰਨਾਂ ਭਾਰਾ ਨੂਰ , ਪ੍ਰੋ. ਸਾਧੂ ਸਿੰਘ ਪਨਾਗ ਨੇ ਕੁਰਸੀ , ਤਵਿੰਦਰ ਸਿੰਘ ਚੱਢਾ ਨੇ ਉਡੀਕ , ਅਵਤਾਰ ਸਿੰਘ ਪੁਆਰ ਨੇ ਪਛਾਣ ਕੌਮ ਨੂੰ ਨਾਮਕ ਕਵਿਤਾਵਾਂ ਨਾਲ ਆਪਣੀ ਹਾਜ਼ਰੀ ਲਵਾਈ। ਇਸ ਤੋਂ ਇਲਾਵਾ ਜਸ਼ਨਪ੍ਰੀਤ ਕੌਰ ਮੱਟੂ ਨੇ ਲੋਕ ਕਥਾ, ਅਮਰਬੀਰ ਸਿੰਘ ਚੀਮਾ ਨੇ ਕੁੱਖ ਤੋਂ ਸੱਖਣੀਆਂ ਔਰਤਾਂ ਦੇ ਪਿੰਡ ਅਤੇ ਹਰਜਿੰਦਰ ਸਿੰਘ ਗੋਪਾਲੋਂ ਨੇ ਤਰੰਨਮ ਵਿੱਚ ਗੀਤ ਪੇਸ਼ ਕੀਤਾ। ਪ੍ਰਧਾਨਗੀ ਭਾਸ਼ਣ ਵਿੱਚ ਪ੍ਰਧਾਨ ਬੀਬੀ ਸਰਹਿੰਦ ਨੇ ਸੁਣਾਈਆਂ ਰਚਨਾਵਾਂ ਦੀ ਪੜਚੋਲ ਕੀਤੀ ਤੇ ਉਨ੍ਹਾਂ ਵਿੱਚ ਸੋਧਾਂ ਕਰਨ ਬਾਰੇ ਸੁਝਾਅ ਦਿੱਤੇ। ਇਸ ਮੌਕੇ ਜ਼ਿਲ੍ਹਾ ਲਿਖਾਰੀ ਸਭਾ ਵੱਲੋਂ ਛਪਵਾਏ ਜਾ ਰਹੇ ਸਾਂਝੇ ਕਾਵਿ ਸੰਗ੍ਰਹਿ ਬਾਰੇ ਵੀ ਵਿਚਾਰਾਂ ਕੀਤੀਆਂ। ਬੀਬੀ ਪਰਮਜੀਤ ਕੌਰ ਸਰਹਿੰਦ ਨੇ ਵਿਸਾਖੀ ਦੇ ਇਤਿਹਾਸ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਪਰਮਜੀਤ ਕੌਰ ਸਰਹਿੰਦ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਫਲਸਫ਼ੇ ਅਤੇ ਸਮੁੱਚੇ ਸੰਸਾਰ ਨੂੰ ਦਿੱਤੀ ਬੇਮਿਸਾਲ ਜੀਵਨ ਜਾਚ ਬਾਰੇ ਵਿਚਾਰ ਚਰਚਾ ਕੀਤੀ। ਉਨ੍ਹਾਂ ਗੁਰੂ ਸਾਹਿਬ ਦੇ ਵੱਡਮੁੱਲੇ ਵਿਚਾਰਾਂ ਨੂੰ ਇੱਕ ਸ਼ਿਅਰ ਵਿੱਚ ਸੁਣਾਇਆ ‘ਮੈਂ ਬਸਤੀ ਸੇ ਗੁਜ਼ਰਾ, ਮੈਂ ਪਸਤੀ ਸੇ ਗੁਜ਼ਰਾ, ਜਿਧਰ ਸੇ ਭੀ ਗੁਜ਼ਰਾ, ਮੈਂ ਮਸਤੀ ਸੇ ਗੁਜ਼ਰਾ।’ ਜ਼ਿਲ੍ਹਾ ਲਿਖਾਰੀ ਸਭਾ ਦੇ ਅਸੂਲ ਅਤੇ ਮਰਿਆਦਾ ਬਾਰੇ ਨਵੇਂ ਜੁੜੇ ਲੇਖਕਾਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਨਾਹਰ ਸਿੰਘ ਤੇ ਹੋਰ ਲੇਖਕ ਵੀ ਮੌਜੂਦ ਸਨ।