ਪਾਣੀ ਬਚਾਉਣ ਲਈ ਗੰਨੇ ਦੀ ਕਾਸ਼ਤ ਲਈ ਕੀਤਾ ਲਾਮਬੰਦ
ਪਿੰਡ ਮੰਡਿਆਣਾ ਵਿੱਚ ਪਾਣੀ ਬਚਾਉਣ ਲਈ ਗੰਨੇ ਦੀ ਕਾਸਤ ਲਈ ਕੀਤਾ ਲਾਮਬੰਦ
Publish Date: Fri, 03 Apr 2026 04:36 PM (IST)
Updated Date: Fri, 03 Apr 2026 04:40 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਬਲਾਕ ਘਨੌਰ ਦੇ ਪਿੰਡ ਮੰਡਿਆਣਾ ਵਿਚ ਗੰਨੇ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਇਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਸ਼ੂਗਰਕੇਨ ਕਮਿਸ਼ਨਰ ਪੰਜਾਬ ਡਾ. ਅਮਰੀਕ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਕਿਸਾਨਾਂ ਨੂੰ ਗੰਨੇ ਦੀ ਬਿਜਾਈ ਦੇ ਨਵੇਂ ਤਰੀਕਿਆਂ ਤੇ ਆਧੁਨਿਕ ਖੇਤੀ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਜੀਐਮ ਯੋਗੇਸ਼ ਕੁਮਾਰ ਨਾਹਰ ਸ਼ੂਗਰ ਮਿਲ ਅਮਲੋਹ, ਵਾਈਸ ਪ੍ਰੈਜੀਡੈਂਟ ਸੁਧੀਰ ਕੁਮਾਰ, ਰਾਮਬੀਰ ਰਾਣਾ, ਸੀਨੀਅਰ ਸੁਗਰਕੇਨ ਮੈਨੇਜਰ ਡਾ. ਗੌਰਵ ਅਰੋੜਾ ਤੇ ਏਸੀਡੀਓ ਪਟਿਆਲਾ ਸਮੇਤ ਵੱਖ-ਵੱਖ ਪਿੰਡਾਂ ਦੇ ਕਿਸਾਨ ਵੱਡੀ ਗਿਣਤੀ ਵਿਚ ਹਾਜ਼ਰ ਰਹੇ। ਸੁਗਰਕੇਨ ਕਮਿਸ਼ਨਰ ਡਾ. ਅਮਰੀਕ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਬਲਾਕ ਘਨੌਰ ਦੇ ਇਲਾਕੇ ਵਿਚ ਪਾਣੀ ਦਾ ਪੱਧਰ ਲਗਾਤਾਰ ਘਟ ਰਿਹਾ ਹੈ, ਜਿਸ ਕਾਰਨ ਕਿਸਾਨਾਂ ਨੂੰ ਪਾਣੀ ਦੀ ਬਚਤ ਵਾਲੀਆਂ ਫਸਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਕਿਸਾਨਾਂ ਨੇ ਮਿੱਲ ਮੈਨੇਜਮੈਂਟ ਕੋਲ ਘਨੌਰ ਖੇਤਰ ਵਿੱਚ ਗੰਨਾ ਤੋਲ ਕੇਂਦਰ ਖੋਲ੍ਹਣ ਦੀ ਮੰਗ ਵੀ ਰੱਖੀ ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਦੂਰ-ਦੂਰ ਤੱਕ ਲਿਜਾਣ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸਬੰਧੀ ਜੀ.ਐਮ. ਯੋਗੇਸ਼ ਕੁਮਾਰ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਮੰਗ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ। ਇਸ ਮੌਕੇ ਉੱਘੇ ਕਿਸਾਨ ਕੁਲਵਿੰਦਰ ਸਿੰਘ ਮਰਦਾਂਪੁਰ ਨੇ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਲੰਮੇ ਗੰਨੇ ਦੀ ਕਾਸਤ ਕਰ ਰਹੇ ਹਨ ਅਤੇ ਇਹ ਫਸਲ ਕਿਸਾਨਾਂ ਲਈ ਕਾਫ਼ੀ ਲਾਭਦਾਇਕ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਹੋਰ ਫਸਲਾਂ ਦੇ ਮੁਕਾਬਲੇ ਗੰਨੇ ਵਿਚ ਪਾਣੀ ਦੀ ਖਪਤ ਘੱਟ ਅਤੇ ਖਰਚਾ ਵੀ ਘੱਟ ਹੁੰਦਾ ਹੈ, ਇਸ ਲਈ ਸਮੇਂ ਦੀ ਲੋੜ ਹੈ ਕਿ ਕਿਸਾਨ ਗੰਨੇ ਹੇਠ ਆਪਣਾ ਰਕਬਾ ਵਧਾਉਣ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਰਕਾਰ ਗੰਨਾ ਕਾਸਤਕਾਰਾਂ ਨੂੰ ਵੱਧ ਰਿਆਇਤਾਂ ਅਤੇ ਸਹੂਲਤਾਂ ਮੁਹੱਈਆ ਕਰਵਾਏ, ਤਾਂ ਜੋ ਕਿਸਾਨ ਗੰਨੇ ਦੀ ਕਾਸ਼ਤ ਵੱਲ ਹੋਰ ਵੱਧ ਆਕਰਸ਼ਿਤ ਹੋਣ ਅਤੇ ਸ਼ੂਗਰ ਮਿੱਲਾਂ ਨੂੰ ਵੀ ਲੋੜ ਅਨੁਸਾਰ ਗੰਨਾ ਉਪਲਬਧ ਹੋ ਸਕੇ।