ਸਾਬਕਾ ਵਿਧਾਇਕ ਨੇ ਰਾਜ ਚੋਣ ਕਮਿਸ਼ਨ ਨੂੰ ਦਿੱਤਾ ਮੰਗ ਪੱਤਰ
ਸਾਬਕਾ ਵਿਧਾਇਕ ਨੇ ਰਾਜ ਚੋਣ ਕਮਿਸ਼ਨ ਨੂੰ ਡੀਐੱਸਪੀ ਅਤੇ ਥਾਣਾ ਮੁਖੀਆਂ ਦੀ ਬਦਲੀ ਕਰਵਾਉਣ ਲਈ ਦਿੱਤਾ ਮੰਗ ਪੱਤਰ
Publish Date: Mon, 18 May 2026 06:06 PM (IST)
Updated Date: Mon, 18 May 2026 06:06 PM (IST)

ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਪੰਜਾਬ ਕਾਂਗਰਸ ਦੇ ਜਰਨਲ ਸਕੱਤਰ ਤੇ ਹਲਕਾ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਰਾਜ ਚੋਣ ਕਮਿਸ਼ਨ ਅਜੇ ਕਮਲ ਚੌਧਰੀ ਨੂੰ ਡੀਐਸਪੀ ਮਨਜੀਤ ਸਿੰਘ ਰਾਜਪੁਰਾ, ਬਨੂੜ ਥਾਣਾ ਮੁਖੀ ਇੰਸਪੈਕਟਰ ਅਰਸ਼ਦੀਪ ਸ਼ਰਮਾ ਤੇ ਇੰਸਪੈਕਟਰ ਗੁਰਸੇਵਕ ਸਿੰਘ ਥਾਣਾ ਮੁਖੀ ਸਿਟੀ ਰਾਜਪੁਰਾ ਦੀ ਬਦਲੀ ਕਰਨ ਲਈ ਮੰਗ ਪੱਤਰ ਸੌਂਪਿਆ। ਇਸ ਮੰਗ ਪੱਤਰ ਬਾਰੇ ਜਾਣਕਾਰੀ ਦਿੰਦੇ ਹੋਏ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਦੱਸਿਆ ਕਿ ਪਿਛਲੀ ਨਗਰ ਕੌਂਸਲ ਦੀਆਂ ਉਪ ਚੋਣਾਂ, ਪੰਚਾਇਤੀ ਚੋਣਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਦੌਰਾਨ ਡੀਐਸਪੀ ਰਾਜਪੁਰਾ ਮਨਜੀਤ ਸਿੰਘ, ਇੰਸਪੈਕਟਰ ਗੁਰਸੇਵਕ ਸਿੰਘ ਅਤੇ ਇੰਸਪੈਕਟਰ ਅਰਸ਼ਦੀਪ ਸ਼ਰਮਾ ਨੇ ਸੱਤਾਧਾਰੀ ਪਾਰਟੀ ਦੇ ਆਗੂਆਂ ਦੇ ਇਸ਼ਾਰੇ ਤੇ ਬਹੁਤ ਧਾਂਦਲੀਆਂ ਕੀਤੀਆਂ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਡਰਾਇਆ ਧਮਕਾਇਆ ਸੀ। ਉਨ੍ਹਾਂ ਦੱਸਿਆ ਕਿ ਸੱਤਾਧਾਰੀ ਪਾਰਟੀ ਦੇ ਆਗੂਆਂ ਦੇ ਇਸ਼ਾਰੇ ਤੇ ਇੰਸਪੈਕਟਰ ਅਰਸ਼ਦੀਪ ਸ਼ਰਮਾ ਥਾਣਾ ਮੁਖੀ ਬਨੂੜ ਵੱਲੋਂ ਕਾਂਗਰਸ ਪਾਰਟੀ ਵੱਲੋਂ ਨਗਰ ਕੌਂਸਲ ਬਨੂੜ ਦੀਆਂ ਚੋਣਾਂ ਵਿੱਚ ਖੜੇ ਕੀਤੇ ਗਏ ਉਮੀਦਵਾਰਾਂ ਦੇ ਘਰਾਂ ਤੇ ਸਵੇਰੇ ਸਵੇਰੇ ਛਾਪੇ ਮਾਰ ਕੇ ਉਹਨਾਂ ਨੂੰ ਡਰਾ ਧਮਕਾ ਰਿਹਾ ਹੈ ਤਾਂ ਜੋ ਚੋਣਾਂ ਵਿੱਚ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਇਆ ਜਾ ਸਕੇ। ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਜੇਕਰ ਰਾਜ ਚੋਣ ਕਮਿਸ਼ਨ ਅਜੇ ਕਮਲ ਚੌਧਰੀ ਨੇ ਦੋ ਦਿਨਾਂ ’ਚ ਇਨ੍ਹਾਂ ਪੁਲਿਸ ਅਧਿਕਾਰੀਆਂ ਦੀ ਬਦਲੀ ਨਾ ਕੀਤੀ ਤਾਂ ਉਨਾਂ ਨੂੰ ਮਜਬੂਰਨ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਾ ਪਵੇਗਾ ਅਤੇ ਇਸ ਦੇ ਨਾਲ ਹੀ ਉਹ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਇਸ ਮਾਮਲੇ ਬਾਰੇ ਚਿੱਠੀ ਲਿਖਣਗੇ ਤਾਂ ਜੋ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਧਾਂਦਲੀਆਂ ਨੂੰ ਰੋਕਿਆ ਜਾ ਸਕੇ। ਇਸ ਮੌਕੇ ਐਡਵੋਕੇਟ ਹਰਜੋਤ ਸਿੰਘ, ਸਰਬਜੀਤ ਸਿੰਘ ਮਾਣਕਪੁਰ, ਮਲਕੀਤ ਸਿੰਘ ਉਪਲਹੇੜੀ ਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ।