ਕੌਂਸਲ ਚੋਣਾਂ ’ਚ ਵਧੀਆ ਉਮੀਦਵਾਰਾਂ ਨੂੰ ਟਿਕਟ ਦੇਵਾਂਗੇ : ਕੰਬੋਜ
ਨਗਰ ਕੌਂਸਲ ਚੋਣਾਂ ਵਿੱਚ ਵਧੀਆ ਉਮੀਦਵਾਰਾਂ ਨੂੰ ਟਿਕਟ ਦੇਵਾਂਗੇ - ਕੰਬੋਜ
Publish Date: Tue, 05 May 2026 04:45 PM (IST)
Updated Date: Tue, 05 May 2026 04:47 PM (IST)

ਐੱਚਐੱਸ ਸੈਣੀ, •ਪੰਜਾਬੀ ਜਾਗਰਣ,• ਰਾਜਪੁਰਾ : ਰਾਜਪੁਰਾ ਨਗਰ ਕੌਂਸਲ ਦੇ ਵਾਰਡ ਨੰਬਰ 2 ਵਿਚ ਸੀਨੀਅਰ ਕਾਂਗਰਸੀ ਆਗੂ ਰਜਿੰਦਰ ਸਿੰਘ ਰਾਜਾ ਅਤੇ ਗੁਰਮੀਤ ਸਿੰਘ ਬਿੱਟੂ ਦੀ ਅਗਵਾਈ ’ਚ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਦੇ ਸਬੰਧ ’ਚ ਮੀਟਿੰਗ ਸੱਦੀ ਗਈ, ਜਿਸ ’ਚ ਵਿਸ਼ੇਸ਼ ਤੌਰ ’ਤੇ ਹਲਕਾ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਨਗਰ ਕੌਂਸਲ ਰਾਜਪੁਰਾ ਦੇ ਸਾਬਕਾ ਪ੍ਰਧਾਨ ਨਰਿੰਦਰ ਸ਼ਾਸਤਰੀ ਨੇ ਸ਼ਿਰਕਤ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਾਲੋਨੀ ਵਸਨੀਕਾਂ ਦੇ ਨਾਲ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਦੇ ਸੰਬੰਧ ’ਚ ਵਿਚਾਰ ਵਟਾਂਦਰਾ ਕੀਤਾ ਗਿਆ। ਕਾਲੋਨੀ ਵਸਨੀਕਾਂ ਨੇ ਉਨ੍ਹਾਂ ਨੂੰ ਵਿਕਾਸ ਕਾਰਜਾਂ ਦੀ ਘਾਟ ਪੱਖੋਂ ਆ ਰਹੀਆਂ ਪਰੇਸ਼ਾਨੀਆਂ ਬਾਰੇ ਜਾਣੂ ਕਰਵਾਇਆ ਗਿਆ, ਜਿਸ ਉਪਰੰਤ ਹਰਦਿਆਲ ਸਿੰਘ ਕੰਬੋਜ ਨੇ ਕਾਲੋਨੀ ਵਸਨੀਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਿਸ ਤਰੀਕੇ ਨਾਲ ਕਾਂਗਰਸ ਸਰਕਾਰ ਦੇ ਸਮੇਂ ਨਗਰ ਕੌਂਸਲ ਦੇ ਵਾਰਡਾਂ ਦਾ ਵਿਕਾਸ ਕਾਰਜ ਕਰਵਾਇਆ ਗਿਆ ਸੀ ਉਸੇ ਤਰਜ ’ਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਅਤੇ ਰਾਜਪੁਰਾ ਸ਼ਹਿਰ ਜੋ ਕਿ ਵਿਕਾਸ ਕਾਰਜਾਂ ਪੱਖੋਂ ਪਛੜ ਚੁੱਕਿਆ ਹੈ, ਨੂੰ ਸੂਬੇ ’ਚੋਂ ਸਭ ਤੋਂ ਵੱਧ ਵਿਕਾਸ ਕਾਰਜ ਕਰਵਾ ਕੇ ਇੱਕ ਨੰਬਰ ਦਾ ਸ਼ਹਿਰ ਬਣਾਇਆ ਜਾਵੇਗਾ। ਉਨ੍ਹਾਂ ਵੱਲੋਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਨਗਰ ਕੌਂਸਲ ਚੋਣਾਂ ਦੇ ਦੌਰਾਨ ਕਾਂਗਰਸ ਪਾਰਟੀ ਨਾਲ ਸਬੰਧਤ ਕੌਂਸਲਰ ਦੀ ਚੋਣ ਲੜਨ ਵਾਲੇ ਉਮੀਦਵਾਰ ਨੂੰ ਆਪਣਾ ਸਮਰਥਨ ਦੇ ਕੇ ਜਿਤਾਉਣ। ਉਹਨਾਂ ਦੱਸਿਆ ਕਿ ਰਾਜਪੁਰਾ ਨਗਰ ਕੌਂਸਲ ਦੇ ਸਾਰੇ ਵਾਰਡਾਂ ਦੇ ਲਈ ਕੌਂਸਲਰ ਦੀ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਪਹਿਚਾਣ ਕੀਤੀ ਜਾ ਚੁੱਕੀ ਹੈ ਅਤੇ ਮਿਹਨਤੀ ਤੇ ਵਾਰਡ ਵਾਸੀਆਂ ਦੀ ਪਰਖ ਉੱਤੇ ਖਰੇ ਉਤਰਨ ਵਾਲੇ ਉਮੀਦਵਾਰ ਨੂੰ ਹੀ ਕਾਂਗਰਸ ਪਾਰਟੀ ਦੀ ਤਰਫੋਂ ਮੈਦਾਨ ਦੇ ਵਿੱਚ ਉਤਾਰਾ ਜਾਵੇਗਾ। ਇਸ ਮੌਕੇ ਕਾਂਗਰਸੀ ਆਗੂ ਰਜਿੰਦਰ ਸਿੰਘ ਰਾਜਾ ਅਤੇ ਗੁਰਮੀਤ ਸਿੰਘ ਬਿੱਟੂ ਸਮੇਤ ਵਾਰਡ ਵਾਸੀਆਂ ਨੇ ਵਿਸ਼ਵਾਸ ਦਵਾਇਆ ਕਿ ਪਾਰਟੀ ਦੀ ਤਰਫੋਂ ਉਹਨਾਂ ਨੂੰ ਜਿਹੜੀ ਵੀ ਜ਼ਿੰਮੇਵਾਰੀ ਦਿੱਤੀ ਜਾਵੇਗੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਦੇ ਨਾਲ ਨਿਭਾਉਣਗੇ। ਇਸ ਮੌਕੇ ਬਲਜਿੰਦਰ ਸਿੰਘ ਸੋਨੂ, ਕਿਰਪਾਲ ਸਿੰਘ ਪਾਲੀ, ਰਾਮ ਗੋਪਾਲ, ਪ੍ਰਗਟ ਸਿੰਘ, ਜਸਵੀਰ ਸਿੰਘ ਬਿੱਟੂ, ਭੁਪਿੰਦਰ ਸਿੰਘ, ਗੁਰਦਿਆਲ ਸਿੰਘ ਸਮੇਤ ਹੋਰ ਹਾਜ਼ਰ ਸਨ।