ਕਸਬਾ ਦੇਵੀਗਡ਼੍ਹ ’ਚ ਕੀਮਤੀ ਜਗ੍ਹਾ ਦੇ ਪਲਾਟ ’ਚ ਬਣੀਆਂ ਦੁਕਾਨਾਂ ਢਾਹ ਕੇ ਕਬਜ਼ੇ ਦੀ ਕੋਸ਼ਿਸ਼, ਕੇਸ ਦਰਜ
ਕਸਬਾ ਦੇਵੀਗਡ਼੍ਹ ਵਿਖੇ ਕੀਮਤੀ ਜਗ੍ਹਾ ਦੇ ਪਲਾਟ ‘ਚ ਬਣੀਆਂ ਦੁਕਾਨਾਂ ਢਾਹ ਕੇ ਕਬਜੇ ਦੀ ਕੋਸ਼ਿਸ਼, ਕੇਸ ਦਰਜ
Publish Date: Sat, 07 Mar 2026 06:04 PM (IST)
Updated Date: Sat, 07 Mar 2026 06:06 PM (IST)

ਜੀਐੱਸ. ਮਹਿਰੋਕ, ਪੰਜਾਬੀ ਜਾਗਰਣ ਦੇਵੀਗਡ਼੍ਹ : ਕਸਬਾ ਦੇਵੀਗਡ਼੍ਹ ਦੇ ਪੁਰਾਣੇ ਬਾਜ਼ਾਰ ਵਿੱਚ ਕੀਮਤੀ ਜਗ੍ਹਾ ’ਤੇ ਪਲਾਟ ’ਚ ਬਣੀਆਂ ਕੁੱਝ ਦੁਕਾਨਾਂ ਢਾਹ ਕੇ ਉਸ ਵਿੱਚ ਮਿੱਟੀ ਪਾਉਣ ਅਤੇ ਸਾਮਾਨ ਚੋਰੀ ਕਰ ਲਿਆ ਹੈ। ਇਸ ਸਬੰਧੀ ਥਾਣਾ ਜੁਲਕਾਂ ਵਿਖੇ ਪਿੰਡ ਰਸੂਲਪੁਰ ਦੋਂਦੀਮਾਜਰਾ ਦੇ ਬਲਜਿੰਦਰ ਸਿੰਘ, ਦਵਿੰਦਰ ਸਿੰਘ ਪੁੱਤਰਾਨ ਮੱਖਣ ਸਿੰਘ ਅਤੇ ਪਰਮਿੰਦਰ ਕੌਰ ਪਤਨੀ ਪਰਮਿੰਦਰ ਸਿੰਘ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇਸ ਜਗ੍ਹਾ ਦੀ ਪਡ਼ਤਾਲ ਕਰਨ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਪਿੰਡ ਭੰਬੂਆਂ ਅੱਡਾ ਦੇਵੀਗਡ਼੍ਹ ਵਿਖੇ ਇੱਕ ਵਿਘਾ 14 ਵਿਸਵੇ ਦਾ ਪਲਾਟ ਹੈ, ਜਿਸ ਉੱਪਰ ਉਨ੍ਹਾਂ ਦਾ ਪਿਛਲੇ 60 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਕਬਜ਼ਾ ਚੱਲਿਆ ਆ ਰਿਹਾ ਹੈ ਅਤੇ ਜਿਸ ਵਿੱਚ ਦੁਕਾਨਾਂ ਬਣੀਆਂ ਹੋਈਆਂ ਸਨ। ਮਿਤੀ 12 ਅਪੈ੍ਰਲ 2025 ਨੂੰ ਹਰਵਿੰਦਰ ਸਿੰਘ ਵਾਸੀ ਪਿੰਡ ਨਿਜ਼ਾਮਪੁਰ, ਗੁਰਮਿੰਦਰ ਸਿੰਘ ਉਰਫ ਕਾਂਟਾ ਵਾਸੀ ਪਿੰਡ ਮਿਹੋਣ, ਜਗਦੀਪ ਸਿੰਘ ਭੁੱਲਰ ਉਰਫ ਕਾਲਾ ਵਾਸੀ ਪਿੰਡ ਖੇਡ਼ੀ ਰਾਜੂ ਸਿੰਘ ਅਤੇ ਇਨ੍ਹਾਂ ਦੇ ਨਾਲ ਆਏ ਹੋਰ ਅਣ-ਪਛਾਤੇ ਵਿਅਕਤੀਆਂ ਨੇ ਸਾਡੇ ਪਲਾਟ ਵਾਕਾ ਰਕਬਾ ਪਿੰਡ ਭੰਬੂਆਂ ਅੱਡਾ ਦੇਵੀਗਡ਼੍ਹ ਉੱਤੇ ਕਬਜ਼ਾ ਕਰਨ ਦੀ ਨੀਅਤ ਨਾਲ ਪਲਾਟ ਵਿੱਚ ਦੋ ਬਣੀਆਂ ਦੁਕਾਨਾਂ ਜੇਸੀਬੀ ਮਸ਼ੀਨ ਨਾਲ ਢਾਹ ਦਿੱਤੀਆਂ ਅਤੇ ਉਨ੍ਹਾਂ ਵਿੱਚ ਮਿੱਟੀ ਪਾ ਲਈ ਸੀ ਅਤੇ ਦੁਕਾਨਾਂ ਵਿੱਚੋਂ ਬੈਟਰੀ, ਇਨਵਰਟਰ, ਡੀਵੀਆਰ ਅਤੇ ਬਿਜਲੀ ਦਾ ਸਾਮਾਨ ਚੋਰੀ ਕਰ ਲਿਆ ਸੀ। ਇਸ ਪੂਰੇ ਮਾਮਲੇ ਸਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਕੀਤੀ ਪਡ਼ਤਾਲ ਤੋਂ ਬਾਅਦ ਥਾਣਾ ਜੁਲਕਾਂ ਦੀ ਪੁਲਿਸ ਨੇ ਇਨ੍ਹਾਂ ਵਿਅਕਤੀਆਂ ਅਤੇ ਕੁਝ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਵਿਸ਼ੇ ਸਬੰਧੀ ਦੇਵੀਗਡ਼੍ਹ ਵਿਖੇ ਐਡਵੋਕੇਟ ਪਰਮਿੰਦਰ ਸਿੰਘ ਨੇ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਸ਼ਹਿ ’ਤੇ ਹੀ ਉਪਰੋਕਤ ਵਿਅਕਤੀਆਂ ਵੱਲੋਂ ਸਾਡੀ ਕਰੋਡ਼ਾਂ ਰੁਪਏ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿ•ਸ਼ ਕੀਤੀ ਸੀ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲ ਉਸ ਸਮੇਂ ਈ-ਮੇਲ ਰਾਹੀਂ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਗਈਆਂ ਸਨ ਪਰ ਹਲਕਾ ਵਿਧਾਇਕ ਦੀ ਪਹੁੰਚ ਹੋਣ ਕਾਰਨ ਕਿਸੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਨੇ ਸਾਡੀ ਇੱਕ ਨਹੀਂ ਸੁਣੀ। ਜਿਸ ਕਰਕੇ ਸਾਨੂੰ ਅਖੀਰ ਮਾਣਯੋਗ ਅਦਾਲਤ ਕੋਲ ਜਾਣਾ ਪਿਆ, ਜਿਸ ’ਤੇ ਮਾਣਯੋਗ ਅਦਾਲਤ ਵੱਲੋਂ ਸੁਣਵਾਈ ਦੌਰਾਨ ਦੂਜੀ ਧਿਰ ਵੱਲੋਂ ਦਰਸਾਈਆਂ ਗਈਆਂ ਰਜਿਸਟਰੀ ਵਿੱਚ ਬਾਹੀਆਂ ਗਲਤ ਪਾਈਆਂ ਗਈਆਂ। ਪਰਮਿੰਦਰ ਸਿੰਘ ਐਡਵੋਕੇਟ ਨੇ ਕਿਹਾ ਕਿ ਇਹ ਸਾਰਾ ਮਾਮਲਾ ਜਦੋਂ ਹਲਕਾ ਇੰਚਾਰਜ ਸਨੌਰ ਰਣਜੋਧ ਸਿੰਘ ਹਡਾਣਾ ਦੇ ਧਿਆਨ ਵਿੱਚ ਲਿਆਂਦਾ ਗਿਆ, ਜਿਨ੍ਹਾਂ ਨੇ ਤੁਰੰਤ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਲਈ ਕਿਹਾ ਜਿਸ ’ਤੇ ਥਾਣਾ ਜੁਲਕਾਂ ਦੀ ਪੁਲਿਸ ਨੇ ਜਾਂਚ ਉਪਰੰਤ ਕਥਿਤ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਸਬੰਧੀ ਜਦੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਸ ਸਮੇਂ ਉਨ੍ਹਾਂ ਦੋਵੇਂ ਧਿਰਾਂ ਨੂੰ ਕਿਹਾ ਸੀ ਕਿ ਝਗਡ਼ੇ ਵਾਲੇ ਪਲਾਟ ਦੀ ਨਿਸ਼ਾਨਦੇਹੀ ਕਰਵਾ ਲਓ, ਨਿਸ਼ਾਨਦੇਹੀ ਅਨੁਸਾਰ ਜਿਸ ਧਿਰ ਦਾ ਇਹ ਪਲਾਟ ਹੋਵੇਗਾ, ਉਹੀ ਉਸ ਪਲਾਟ ਦਾ ਹੱਕਦਾਰ ਹੋਵੇਗਾ। ਇਸ ਸਬੰਧੀ ਉਨ੍ਹਾਂ ਕਿਸੇ ਇੱਕ ਧਿਰ ਦੀ ਮਦਦ ਨਹੀਂ ਕੀਤੀ। ਇਸ ਲਈ ਉਨ੍ਹਾਂ ’ਤੇ ਲਾਏ ਗਏ ਦੋਸ਼ ਬੇਬੁਨਿਆਦ ਹਨ।