ਘਰ ਦੀ ਛੱਤ ਤੋਂ ਸ਼ੁਰੂ ਹੋ ਸਕਦੀ ਜੀਵ ਦਇਆ ਮੁਹਿੰਮ
ਘਰ ਦੀ ਛੱਤ ਤੋਂ ਸ਼ੁਰੂ ਹੋ ਸਕਦੀ ਜੀਵ ਦਇਆ ਮੁਹਿੰਮ
Publish Date: Thu, 30 Apr 2026 04:35 PM (IST)
Updated Date: Fri, 01 May 2026 04:05 AM (IST)

ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਗਰਮੀ ਦੇ ਮੌਸਮ ਵਿਚ ਤਾਪਮਾਨ ਲਗਾਤਾਰ ਵਧਣ ਨਾਲ ਜਿੱਥੇ ਮਨੁੱਖ ਪ੍ਰਭਾਵਿਤ ਹੁੰਦੇ ਹਨ, ਉੱਥੇ ਬੇਜੁਬਾਨ ਪੰਛੀਆਂ ਲਈ ਇਹ ਸਮਾਂ ਸਭ ਤੋਂ ਵੱਡੀ ਅਜਮਾਇਸ ਬਣ ਜਾਂਦਾ ਹੈ। ਤਪਦੀ ਧੁੱਪ ਅਤੇ ਘੱਟਦੇ ਕੁਦਰਤੀ ਸਰੋਤਾ ਕਾਰਨ ਪੰਛੀਆਂ ਨੂੰ ਪਾਣੀ ਅਤੇ ਖੁਰਾਕ ਦੀ ਕਮੀ ਦਾ ਸਾਹਮਣਾ ਕਰਨਾ ਪੈਂਦਾ। ਇਸ ਸੰਵੇਦਨਸ਼ੀਲ ਮਾਮਲੇ ਤੇ ਵੱਖ- ਵੱਖ ਵਰਗਾਂ ਨੇ ਇੱਕਜੁੱਟ ਹੋ ਕੇ ਪੰਛੀਆਂ ਦੀ ਸਹਾਇਤਾ ਲਈ ਅੱਗੇ ਆਉਣ ਦੀ ਅਪੀਲ ਕੀਤੀ ਕਿ ਹਰ ਘਰ ਦੀ ਛੱਤ, ਬਾਲਕੋਨੀ, ਚਾਹੇ ਖੁੱਲੀ ਥਾਂ ਤੇ ਪਾਣੀ ਦੇ ਦਾਣਿਆਂ ਦੇ ਕਟੋਰੇ ਜਰੂਰ ਰੱਖੇ ਜਾਣ ਤਾਂ ਜੋ ਗਰਮੀ ਵਿੱਚ ਪੰਛੀਆਂ ਨੂੰ ਰਾਹਤ ਮਿਲ ਸਕੇ। ਦਰਖਤਾਂ ਦੀ ਘਾਟ ਨੇ ਪੰਛੀਆਂ ਦੀ ਗਿਣਤੀ ਘਟਾਈ : ਔਲਖ ਸਮਾਜ ਸੇਵੀ ਬਾਬਾ ਨਿਰਮਲ ਸਿੰਘ ਔਲਖ ਨੇ ਕਿਹਾ ਕਿ ਗਰਮੀ ਦੌਰਾਨ ਪਾਣੀ ਦੀ ਕਮੀ ਪੰਛੀਆਂ ਲਈ ਸਭ ਤੋਂ ਵੱਡੀ ਸਮੱਸਿਆ ਬਣ ਜਾਂਦੀ ਹੈ। ਦਰਖਤਾਂ ਦੀ ਦਿਨੋ ਦਿਨ ਪੈਦਾ ਹੋ ਰਹੀ ਘਾਟ ਅਤੇ ਤੇਜ਼ੀ ਨਾਲ ਵੱਧ ਰਹੇ ਸ਼ਹਿਰੀਕਰਨ ਪੈਸਿਆਂ ਦੇ ਕੁਦਰਤੀ ਆਸਰੇ ਖਤਮ ਕਰ ਦਿੱਤੇ ਹਨ। ਉਹਨਾਂ ਅਪੀਲ ਕੀਤੀ ਹੈ ਕਿ ਹਰ ਵਿਅਕਤੀ ਘਰ ਦੀ ਛੱਤ ਜਾਂ ਬਾਲਕੋਨੀ ਵਿੱਚ ਪਾਣੀ ਨਾਲ ਭਰਿਆ ਕਟੋਰਾ ਰੱਖੋ ਜੋ ਪੰਛੀਆਂ ਲਈ ਜੀਵਨ ਦਾਇਕ ਸਾਬਤ ਹੋ ਸਕਦਾ ਹੈ। ਸੇਵਾ ਸਾਡੇ ਅੰਦਰ ਦਿਆਲਤਾ ਪੈਦਾ ਕਰਦੀ ਹੈ : ਅਲੀਪੁਰ ਵਾਤਾਵਰਨ ਪ੍ਰੇਮੀ ਅਤੇ ਉੱਘੇ ਪੰਥ ਪ੍ਰਚਾਰਕ ਸੰਤ ਬਾਬਾ ਮਨਪ੍ਰੀਤ ਸਿੰਘ ਖਾਲਸਾ ਅਲੀਪੁਰ ਵਾਲਿਆ ਨੇ ਕਿਹਾ ਕਿ ਇਸ ਤਰ੍ਹਾਂ ਦੀ ਸੇਵਾ ਸਿਰਫ ਇੱਕ ਜਿੰਮੇਵਾਰੀ ਨਹੀਂ ਸਗੋਂ ਸਾਡੀ ਆਉਣ ਵਾਲੀ ਪੀੜੀ ਲਈ ਇੱਕ ਸਿਖਲਾਈ ਵੀ ਹੈ। ਉਹਨਾਂ ਕਿਹਾ ਕਿ ਜੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਪ੍ਰਕਿਰਤੀ ਅਤੇ ਜੀਵਾਂ ਨਾਲ ਪਿਆਰ ਕਰਨਾ ਸਿਖਾਇਆ ਜਾਵੇ ਤਾਂ ਉਹ ਭਵਿੱਖ ਵਿੱਚ ਸੰਵੇਦਨਸ਼ੀਲ ਅਤੇ ਜਿੰਮੇਵਾਰ ਨਾਗਰਿਕ ਬਣ ਸਕਦੇ ਹਨ। ਉਹਨਾਂ ਨੇ ਸਕੂਲਾਂ ਵਿੱਚ ਵੀ ਇਸ ਸਬੰਧੀ ਜਾਗਰੂਕਤਾ ਮੁਹਿੰਮ ਚਲਾਉਣ ਦੀ ਲੋੜ ਤੇ ਜ਼ੋਰ ਦਿੱਤਾ। ਖੇਤਾਂ ’ਚ ਵੀ ਰੱਖੇ ਜਾਣ ਪਾਣੀ ਦੇ ਕਟੋਰੇ : ਬਿੰਦਾ ਨਸ਼ਾ ਰੋਕੋ ਕਮੇਟੀ ਸ਼ੇਰਪੁਰ ਖੇੜੀ ਕਲਾਂ ਦੇ ਨੌਜਵਾਨ ਆਗੂ ਬਲਵਿੰਦਰ ਸਿੰਘ ਬਿੰਦਾ ਨੇ ਕਿਹਾ ਕਿ ਪਿੰਡਾਂ ਵਿੱਚ ਵੀ ਗਰਮੀ ਦੌਰਾਨ ਪਾਣੀ ਦੀ ਘਾਟ ਆਮ ਗੱਲ ਹੈ, ਖੇਤਾਂ ਵਿੱਚ ਕੰਮ ਕਰਦੇ ਹੋਏ ਉਹ ਅਕਸਰ ਹੀ ਵੇਖਦੇ ਹਨ ਕਿ ਪੰਛੀ ਪਾਣੀ ਦੀ ਭਾਲ ਵਿੱਚ ਭਟਕਦੇ ਫਿਰਦੇ ਹਨ। ਉਹਨਾਂ ਕਿਹਾ ਕਿ ਜੇ ਹਰ ਕੋਈ ਆਪਣੇ ਘਰ ਜਾ ਖੇਤ ਨੇੜੇ ਪਾਣੀ ਦਾ ਪ੍ਰਬੰਧ ਕਰੇ ਤਾਂ ਅਨੇਕਾਂ ਪੰਛੀਆਂ ਦੀ ਜਾਨ ਬਚਾਈ ਜਾ ਸਕਦੀ ਹੈ ਜੋ ਇੱਕ ਵੱਡਾ ਪੁੰਨ ਦਾ ਕੰਮ ਹੈ। ਪਾਣੀ ਦੇ ਨਾਲ ਪੰਛੀਆਂ ਲਈ ਆਲਣਿਆਂ ਦਾ ਵੀ ਹੋਵੇ ਪ੍ਰਬੰਧ : ਖਹਿਰਾ ਸਮਾਜ ਸੇਵੀ ਅਮਰਜੀਤ ਸਿੰਘ ਖਹਿਰਾ ਨੇ ਕਿਹਾ ਕਿ ਬੇਸਹਾਰਾ ਜੀਵਾਂ ਦੀ ਮਦਦ ਕਰਨਾ ਸਾਡੀ ਸਮਾਜਿਕ ਜਿੰਮੇਵਾਰੀ ਹੈ। ਉਹਨਾਂ ਨੇ ਸੁਝਾਅ ਦਿੱਤਾ ਹੈ ਕਿ ਪਾਣੀ ਦੇ ਨਾਲ ਕੁਝ ਦਾਣਾ ਅਤੇ ਰਹਿਣ ਵਸੇਰੇ ਵੀ ਬਣਾ ਕੇ ਰੱਖੇ ਜਾਣ, ਤਾਂ ਜੋ ਪੰਛੀਆਂ ਨੂੰ ਦੋਹਰੀ ਰਾਹਤ ਮਿਲ ਸਕੇ। ਉਹਨਾਂ ਦੱਸਿਆ ਕਿ ਸੋਸ਼ਲ ਮੀਡੀਆ ਤੇ ਚੱਲ ਰਹੀ ਇਸ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਉਹ ਖੁਦ ਵੀ ਇਸ ਵਿੱਚ ਹਿੱਸਾ ਲੈ ਰਹੇ ਹਨ ਅਤੇ ਆਪਣੇ ਸਾਥੀਆਂ ਨੂੰ ਵੀ ਇਸ ਲਈ ਉਤਸਾਹਿਤ ਕਰ ਰਹੇ ਹਨ। ਪੰਛੀਆਂ ਨੂੰ ਬਚਾਉਣ ’ਚ ਹਰੇਕ ਵਿਅਕਤੀ ਪਾਵੇ ਯੋਗਦਾਨ : ਟਿੱਬਾ ਪੰਥ ਪ੍ਰਚਾਰਕ ਅਤੇ ਸਰਕਾਰੀ ਮਿਡਲ ਸਕੂਲ ਗੰਡੇਵਾਲ ਦੇ ਇੰਚਾਰਜ ਮਾਸਟਰ ਮਨਦੀਪ ਸਿੰਘ ਟਿੱਬਾ ਨੇ ਕਿਹਾ ਕਿ ਗਰਮੀ ਦੇ ਦਿਨਾਂ ਵਿੱਚ ਪੰਛੀਆਂ ਲਈ ਪਾਣੀ ਅਤੇ ਖੁਰਾਕ ਦਾ ਪ੍ਰਬੰਧ ਕਰਨਾ ਬਹੁਤ ਜਰੂਰੀ ਹੈ। ਇਹ ਉਪਰਾਲਾ ਨਾ ਸਿਰਫ ਉਹਨਾਂ ਦੀ ਜਿੰਦਗੀ ਬਚਾਉਂਦਾ ਹੈ, ਸਗੋਂ ਸਾਡੇ ਅੰਦਰ ਦਇਆ ਦੀ ਭਾਵਨਾ ਨੂੰ ਵੀ ਮਜਬੂਤ ਕਰਦਾ ਹੈ। ਮਨੁੱਖ ਦੀ ਹੋਂਦ ਜੀਵ ਜੰਤੂਆਂ ਤੇ ਵੇਲ੍ਹ ਬੂਟਿਆਂ ਨਾਲ ਹੀ ਸੰਭਵ ਹੈ ਜੇਕਰ ਇਹ ਪੰਛੀ ਹੀ ਨਾ ਰਹੇ ਤਾਂ ਮਨੁੱਖੀ ਜੀਵਨ ਵੀ ਅਸੰਭਵ ਹੈ।