ਬਿਨਾਂ ਕਿਸੇ ਡਰ ਦੇ ਵੋਟਰ ਪਾਉਣ ਵੋਟਾਂ : ਜਥੇਦਾਰ ਗੜ੍ਹੀ
ਜੱਥੇਦਾਰ ਗੜ੍ਹੀ ਵੱਲੋਂ ਅਕਾਲੀ ਦਲ ਉਮੀਦਵਾਰ ਸੁਖਵਿੰਦਰ ਸਿੰਘ ਸੁੱਖਾ ਅਤੇ ਮਨਜੀਤ ਕੌਰ ਦੇ ਪਾਰਟੀ ਦਫਤਰਾਂ ਦਾ ਕੀਤਾ ਉਦਘਾਟਨ
Publish Date: Wed, 20 May 2026 06:28 PM (IST)
Updated Date: Wed, 20 May 2026 06:31 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਨਗਰ ਕੌਂਸਲ ਦੀਆਂ 26 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਦੇ ਸਬੰਧ ’ਚ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਵੱਲੋਂ ਵਾਰਡ ਨੰਬਰ 24 ਤੋਂ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਸਿੰਘ ਸੁੱਖਾ ਤੇ ਵਾਰਡ ਨੰਬਰ 25 ਤੋਂ ਉਮੀਦਵਾਰ ਮਨਜੀਤ ਕੌਰ ਪਤਨੀ ਬਲਵਿੰਦਰ ਸਿੰਘ ਸੈਂਬੀ ਦੇ ਪਾਰਟੀ ਦਫ਼ਤਰਾਂ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ ਗਿਆ। ਇਸ ਮੌਕੇ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਕਿਹਾ ਕਿ ਰਾਜਪੁਰਾ ਨਗਰ ਕੌਂਸਲ ਚੋਣਾਂ ’ਚ ਅਕਾਲੀ ਦਲ ਵੱਲੋਂ 27 ਉਮੀਦਵਾਰ ਚੋਣ ਮੈਦਾਨ ’ਚ ਉਤਾਰੇ ਗਏ ਹਨ ਤੇ ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰ ਆਪਣੇ ਦਮ ਉੱਤੇ ਇਕੱਲਿਆਂ ਨਗਰ ਕੌਂਸਲ ਚੋਣਾਂ ਲੜ ਰਹੀ ਹੈ। ਉਨ੍ਹਾਂ ਵੱਲੋਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਭੈਅ ਦੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਉਮੀਦਵਾਰਾਂ ਦੇ ਹੱਕ ਦੇ ਵਿੱਚ ਵੋਟਾਂ ਦਾ ਭੁਗਤਾਨ ਕਰਨ ਤਾਂ ਜੋ ਰਾਜਪੁਰਾ ਸ਼ਹਿਰ ਨੂੰ ਵਿਕਾਸ ਕਾਰਜਾਂ ਪੱਖੋਂ ਪੂਰੇ ਪੰਜਾਬ ਸੂਬੇ ’ਚੋਂ ਨੰਬਰ ਇੱਕ ਸ਼ਹਿਰ ਬਣਾਇਆ ਜਾ ਸਕੇ। ਉਹਨਾਂ ਕਿਹਾ ਕਿ ਇਸ ਨਗਰ ਕੌਂਸਲ ਚੋਣਾਂ ’ਚ ਹਲਕਾ ਰਾਜਪੁਰਾ ਵਿਧਾਇਕਾ ਨੀਨਾ ਮਿੱਤਲ ਦੇ ਵੱਲੋਂ ਚੋਣ ਮੈਦਾਨ ਦੇ ਵਿਚ ਉਤਾਰੇ ਗਏ ਇਕ ਦਰਜਨ ਦੇ ਕਰੀਬ ਪਾਰਟੀ ਉਮੀਦਵਾਰਾਂ ਦੀਆਂ ਨਾਮਜਦਗੀਆਂ ਭਰਨ ਮੌਕੇ ਟਿਕਟਾਂ ਬਦਲੇ ਜਾਣ ਅਤੇ ਹੋਰਨਾਂ ਅਸਰ ਰਸੂਖ ਵਾਲੇ ਵਿਅਕਤੀਆਂ ਨੂੰ ਟਿਕਟਾਂ ਦਿੱਤੇ ਜਾਣ ਦੇ ਚਲਦਿਆਂ ਆਮ ਆਦਮੀ ਪਾਰਟੀ ਦੀ ਫੁੱਟ ਲੋਕਾਂ ਸਾਹਮਣੇ ਉਜਾਗਰ ਹੋ ਗਈ ਹੈ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਹੀ ਉਹਨਾਂ ਦੇ ਪਾਰਟੀ ਸਿੰਬਲ ਤੋਂ ਲੜ ਰਹੇ ਉਮੀਦਵਾਰਾਂ ਦੇ ਖਿਲਾਫ਼ ਆਜ਼ਾਦ ਤੌਰ ਤੇ ਚੋਣ ਮੈਦਾਨ ਵਿਚ ਉਤਰ ਚੁੱਕੇ ਹਨ। ਉਹਨਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਉਮੀਦਵਾਰ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਕੇ ਨਗਰ ਕੌਂਸਲ ਦੇ ਵਿੱਚ ਆਪਣੀ ਕਮੇਟੀ ਦਾ ਗਠਨ ਕਰਨਗੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਣਜੀਤ ਸਿੰਘ ਰਾਣਾ, ਬਲਾਕ ਸ਼ਹਿਰੀ ਪ੍ਰਧਾਨ ਅਰਵਿੰਦਰ ਪਾਲ ਸਿੰਘ ਰਾਜੂ, ਅੰਮ੍ਰਿਤਪਾਲ ਸਿੰਘ ਖਾਲਸਾ, ਬਲਵਿੰਦਰ ਸਿੰਘ ਸੈਂਬੀ, ਬਲਵਿੰਦਰ ਸਿੰਘ ਨੇਪਰਾ, ਭੁਪਿੰਦਰ ਸਿੰਘ ਗੋਲੂ ਸਮੇਤ ਵੱਡੀ ਗਿਣਤੀ ਦੇ ਵਿੱਚ ਅਕਾਲੀ ਆਗੂ ਅਤੇ ਵਾਰਡਾਂ ਦੇ ਵੋਟਰ ਹਾਜ਼ਰ ਸਨ।