‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਪਿੰਡ ਵਾਸੀਆਂ ਨੂੰ ਮਿਲੇ ਮਾਲਕੀ ਅਧਿਕਾਰ : ਖਲੋਰ
ਮੇਰਾ ਘਰ ਮੇਰੇ ਨਾਮ ਸਕੀਮ ਤਹਿਤ ਪਿੰਡ ਵਾਸੀਆਂ ਨੂੰ ਮਿਲੇ ਮਾਲਕੀ ਅਧਿਕਾਰ: ਜਸਵਿੰਦਰ ਖਲੋਰ
Publish Date: Sat, 28 Mar 2026 05:23 PM (IST)
Updated Date: Sat, 28 Mar 2026 05:23 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਲਾਲਾ ਖਲੋਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲ ਕਦਮੀ ਕਰਦਿਆਂ ਹੋਇਆਂ ਲਾਲ ਲਕੀਰ ਦੇ ਵਸੀਆਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਵੱਲ ਇੱਕ ਪਰਿਵਰਤਨਸ਼ੀਲ ਕਦਮ ਚੁੱਕੇ ਹਨ। ਇਸ ਸਕੀਮ ਤਹਿਤ ਪਿੰਡਾਂ ਦੇ ਵਿੱਚ ਲਾਲ ਲਕੀਰ ਅਧੀਨ ਆਉਂਦੇ ਪਰਿਵਾਰਾਂ ਨੂੰ ਮਾਲਕੀ ਦੇ ਅਧਿਕਾਰ ਸੌਂਪੇ ਜਾ ਰਹੇ ਹਨ। ਲਾਲਾ ਖਲੋਰ ਨੇ ਕਿਹਾ ਕਿ ਇਹ ਇਤਿਹਾਸਕ ਪਹਿਲਕਦਮੀ ਲੰਬੇ ਸਮੇਂ ਤੋਂ ਚੱਲ ਰਹੇ ਜਾਇਦਾਦ ਮਾਲਕੀ ਦੇ ਮੁੱਦਿਆਂ ਨੂੰ ਹੱਲ ਕਰਦੀ ਹੈ, ਜਿਸ ਨਾਲ ਲਾਲ ਲਕੀਰ ਵਾਸੀਆਂ ਨੂੰ ਮਾਲਕੀ ਦੇ ਕਾਨੂੰਨੀ ਅਧਿਕਾਰ ਮਿਲਦੇ ਹਨ। ਇਸ ਨਾਲ ਲਾਲ ਲਕੀਰ ਦੇ ਵਾਸੀਆਂ ਦੀਆ ਦਹਾਕਿਆਂ ਪੁਰਾਣੀਆਂ ਚੁਣੌਤੀਆਂ ਦਾ ਹੱਲ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਹ ਪਹਿਲਕਦਮੀ ਇਨ੍ਹਾਂ ਲੋਕਾਂ ਦਾ ਮਾਣ-ਸਨਮਾਨ ਬਹਾਲ ਕਰਦੀ ਹੈ ਅਤੇ ਇਨ੍ਹਾਂ ਲਈ ਆਰਥਿਕ ਸੰਭਾਵਨਾਵਾਂ ਨੂੰ ਖੋਲ੍ਹਦੀ ਹੈ। ਉਨ੍ਹਾਂ ਕਿਹਾ ਕਿ ਇਹ ਯੋਜਨਾ ਨਾ ਸਿਰਫ਼ ਕਾਨੂੰਨੀ ਮਾਨਤਾ ਪ੍ਰਦਾਨ ਕਰਦੀ ਹੈ, ਸਗੋਂ ਲਾਲ ਲਕੀਰ ਦੇ ਵਸੀਆਂ ਨੂੰ ਆਰਥਿਕ ਤਰੱਕੀ ਲਈ ਆਪਣੀ ਜਾਇਦਾਦ ਦੀ ਵਰਤੋਂ ਕਰਨ ਦੇ ਸਾਧਨ ਵੀ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਇਸ ਪਹਿਲਕਦਮੀ ਦਾ ਪਿੰਡਾਂ ਦੇ ਲਾਭਪਾਤਰੀਆਂ ਨੇ ਨਿੱਘਾ ਸਵਾਗਤ ਕੀਤਾ ਹੈ, ਜਿਨ੍ਹਾਂ ਨੇ ਕਾਨੂੰਨੀ ਮਾਲਕੀ ਰਾਹੀਂ ਪ੍ਰਦਾਨ ਕੀਤੀ ਗਈ ਸੁਰੱਖਿਆ ਅਤੇ ਮੌਕਿਆਂ ਲਈ ਆਪਣੀ ਡੂੰਘੀ ਸ਼ੁਕਰਗੁਜ਼ਾਰੀ ਪ੍ਰਗਟ ਕੀਤੀ। ਲਾਲਾ ਖਲੋਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ‘ਮੇਰਾ ਘਰ ਮੇਰੇ ਨਾਮ’ ਸਕੀਮ ਨੂੰ ਲਾਗੂ ਕਰਨ ਦਾ ਮੁੱਖ ਉਦੇਸ਼ ਲਾਲ ਲਕੀਰ ਦੇ ਅੰਦਰ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਮਾਲਕੀ ਅਧਿਕਾਰ ਪ੍ਰਦਾਨ ਕਰਨਾ ਹੈ। ਇਸ ਯੋਜਨਾ ਤਹਿਤ ਲਾਲ ਲਕੀਰ ਦੇ ਅੰਦਰ ਰਹਿਣ ਵਾਲੇ ਲੋਕ ਜਿਨ੍ਹਾਂ ਨੂੰ ਅੱਜ ਜਾਇਦਾਦ ਦੇ ਅਧਿਕਾਰ ਮਿਲ ਗਏ ਹਨ, ਉਹ ਆਪਣੀ ਜਾਇਦਾਦ ਵੇਚ ਸਕਣਗੇ ਅਤੇ ਆਪਣੇ ਘਰਾਂ ’ਤੇ ਕਰਜ਼ਾ ਲੈ ਸਕਣਗੇ। ਲਾਲਾ ਖਲੌਰ ਨੇ ਕਿਹਾ ਕਿ ਸ਼ੁੱਧਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਡਰੋਨ ਸਰਵੇਖਣ ਦੇ ਨਾਲ ਲਾਲ ਲਕੀਰ ਦੇ ਅੰਦਰ ਜਾਇਦਾਦਾਂ ਦੀ ਸਹੀ ਢੰਗ ਨਾਲ ਮੈਪਿੰਗ ਕੀਤੀ ਜਾ ਰਹੀ ਹੈ, ਜਦਕਿ ਮਾਲ ਅਧਿਕਾਰੀਆਂ ਵੱਲੋਂ ਮਾਲਕੀ ਦੀ ਪੁਸ਼ਟੀ ਕਰਨ ਲਈ ਜ਼ਮੀਨੀ ਰਿਕਾਰਡਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤਕਨਾਲੋਜੀ ਆਧਾਰਤ ਪਹੁੰਚ ਨੇ ਗਲਤੀਆਂ ਨੂੰ ਘਟਾ ਦਿੱਤਾ ਹੈ, ਪ੍ਰਕਿਰਿਆ ਨੂੰ ਤੇਜ਼ ਕੀਤਾ ਹੈ।