7 ਮਈ ਨੂੰ ਚੰਡੀਗੜ੍ਹ ਵਿਖੇ ਧਰਨੇ ਦਾ ਐਲਾਨ
ਜਲ ਸਪਲਾਈ ਮੁਲਾਜ਼ਮਾਂ ਦੀ ਹੋਈ ਮੀਟਿੰਗ
Publish Date: Tue, 28 Apr 2026 06:11 PM (IST)
Updated Date: Tue, 28 Apr 2026 06:13 PM (IST)

ਗੁਲਸ਼ਨ ਸ਼ਰਮਾ, ਪੰਜਾਬੀ ਜਾਗਰਣ, ਪਟਿਆਲਾ : ਪੀਡਬਲਿਯੂਡੀ ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ, ਬ੍ਰਾਂਚ ਪਟਿਆਲਾ 1 ਦੇ ਪ੍ਰਧਾਨ ਧਰਮਪਾਲ ਸਿੰਘ ਲੌਟ ਅਤੇ ਖ਼ਜ਼ਾਨਚੀ ਦੀਪਕ ਕੁਮਾਰ ਨੇ ਬ੍ਰਾਂਚ ’ਚ ਮੀਟਿੰਗ ਦੌਰਾਨ ਦੱਸਿਆ ਕਿ ਸੂਬਾ ਟੀਮ ਆਉਣ ਵਾਲੇ ਸਮੇ ਵਿੱਚ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਦੀਆਂ ਲੰਮੇ ਸਮੇ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦਾ ਨਿਪਟਾਰਾ ਨਾ ਹੋਣ ਕਰਕੇ ਸੀਵਰੇਜ ਬੋਰਡ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਖ਼ਿਲਾਫ਼ 7 ਮਈ ਨੂੰ ਮੁੱਖ ਦਫ਼ਤਰ ਮਿਉਂਸਪਲ ਭਵਨ ਚੰਡੀਗੜ੍ਹ ਸੈਕਟਰ 35 ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਪੀਡਬਲਿਊਡੀ ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੇ ਆਗੂਆਂ ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ, ਜਨਰਲ ਸਕੱਤਰ ਫੁੱਮਣ ਸਿੰਘ ਕਾਠਗੜ੍ਹ, ਸੀਨੀਅਰ ਮੀਤ ਪ੍ਰਧਾਨ ਬਲਰਾਜ ਸਿੰਘ ਮੋੜ, ਸੂਬਾ ਸਲਾਹਕਾਰ ਰਾਜਪਾਲ ਸਿੰਘ ਲਸੋਈ ਤੇ ਕਿਸ਼ੋਰ ਚੰਦ ਗਾਜ ਨੇ ਕਿਹਾ ਕਿ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀ ਮੁੱਖ ਕਾਰਜਕਾਰੀ ਅਫ਼ਸਰ ਤੇ ਮੁੱਖ ਇੰਜੀਨੀਅਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਜਾਣ ਬੁੱਝ ਕੇ ਅਣਗੋਲਿਆ ਕੀਤਾ ਜਾ ਰਿਹਾ। ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ 2004 ਤੋਂ ਪਹਿਲਾਂ ਦੇ ਭਰਤੀ ਮੁਲਾਜ਼ਮਾ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸਬੰਧੀ ਲਗਾਤਾਰ ਟਾਲ ਮਟੋਲ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸੇ ਤਰਾਂ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀ ਵਾਪਸੀ ਚਿੱਠੀਆਂ ਲਿਖ-ਪੜ੍ਹੀ ਕਰਕੇ ਪੈਨਸ਼ਨ ਕੇਸ ਨੂੰ ਰੋਕਣ ਤੇ ਲੱਗੇ ਹੋਏ ਹਨ। ਆਗੂਆਂ ਨੇ ਦੱਸਿਆ ਕਿ ਮੁਲਾਜ਼ਮ ਜਥੇਬੰਦੀ ਦੀਆਂ ਉੱਚ ਅਧਿਕਾਰੀਆਂ ਨਾਲ ਅਤੇ ਵਿੱਤ ਮੰਤਰੀ ਪੰਜਾਬ ਸਰਕਾਰ ਦੀ ਅਗਵਾਈ ਹੇਠ ਬਣੀ ਸਬ ਕਮੇਟੀ ਨਾਲ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਇਹਨਾਂ ਮੰਗਾਂ ਦਾ ਕੋਈ ਹੱਲ ਨਹੀ ਕੀਤਾ ਜਾ ਰਿਹਾ, ਜਿਸ ਕਰਕੇ ਫੀਲਡ ਮੁਲਾਜ਼ਮਾਂ ਵਿਚ ਭਾਰੀ ਰੋਸ ਤੇ ਬੇਚੈਨੀ ਪਾਈ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੀਵਰੇਜ ਬੋਰਡ ਦੇ ਫੀਲਡ ਚ ਮੰਡੀਆਂ ’ਚ ਕੰਮ ਕਰਦੇ ਕਰਮਚਾਰੀ ਤਨਖਾਹ ਤੋਂ ਵਾਂਝੇ ਹਨ। ਰਿਟਾਇਰ ਹੋਏ ਮੁਲਾਜ਼ਮ ਬਕਾਇਆ ਦੇ ਇੰਤਜ਼ਾਰ ਕਰਦੇ ਹੋਏ ਕਈ ਮੁਲਾਜ਼ਮ ਇਸ ਦੁਨੀਆਂ ਤੋਂ ਚਲੇ ਗਏ। ਮੁਲਾਜ਼ਮਾਂ ਨੂੰ ਏਰੀਅਰ ਦੇਣ ਪਿੱਛੇ ਆਨਾਕਾਨੀ ਕੀਤੀ ਜਾ ਰਹੀ ਹੈ। ਕੱਚੇ ਮੁਲਾਜ਼ਮ ਜਿਹੜੇ 20-20 ਸਾਲਾਂ ਤੋਂ ਕੰਮ ਕਰਦੇ ਆ ਰਹੇ ਹਨ, ਉਨਾਂ ਨੂੰ ਰੈਗੂਲਰ ਕਰਨ ਵਾਸਤੇ ਕੋਈ ਪਾਲਿਸੀ ਨਹੀ ਬਣਾਈ ਜਾ ਰਹੀ। ਆਗੂਆਂ ਨੇ ਕਿਹਾ ਕਿ ਇਸ ਕਰਕੇ ਹੀ ਸਥਾਨਕ ਸਰਕਾਰ ਵਿਭਾਗ ਦੇ ਅਧਿਕਾਰੀਆਂ ਦੇ ਖਿਲਾਫ 7 ਮਈ ਨੂੰ ਸਥਾਨਕ ਸਰਕਾਰਾਂ ਦਫ਼ਤਰ ਸੈਕਟਰ 35 ਵਿਖੇ ਵਿਸ਼ਾਲ ਰੋਸ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਮੀਟਿੰਗ ਵਿੱਚ ਗੁਰਚਰਨ ਸਿੰਘ ਧਨੋਆ, ਜਰਨੈਲ ਸਿੰਘ, ਜਸਵਿੰਦਰ ਸਿੰਘ, ਕੁਲਦੀਪ ਵਰਮਾ, ਉੱਗੇਰਸ਼ਨ, ਰਾਮ ਅਧਾਰ, ਸ਼ੇਰ ਬਹਾਦਰ, ਧਿਆਨ ਸਿੰਘ, ਜਸਵੀਰ ਪੰਜੋਲਾ, ਸਵਰਨ ਸਿੰਘ, ਹਾਕਮ ਸਿੰਘ ਆਦਿ ਹਾਜ਼ਰ ਸਨ।