ਐਮਜੀ ਅਸ਼ੋਕਾ ਗਰਲਜ਼ ਸਕੂਲ ਵਿਖੇ ਜਲ ਪੰਦਰਵਾੜਾ ਮਨਾਇਆ
ਐਮਜੀ ਅਸ਼ੋਕਾ ਗਰਲਜ਼ ਸਕੂਲ ਵਿਖੇ ‘ਜਲ ਪਖਵਾੜਾ’ ਮਨਾਇਆ
Publish Date: Sun, 03 May 2026 05:09 PM (IST)
Updated Date: Sun, 03 May 2026 05:11 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਐਮਜੀ ਅਸ਼ੋਕਾ ਗਰਲਜ਼ ਸਕੂਲ ਵਿਖੇ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਅੰਜੂ ਕੌੜਾ ਦੀ ਅਗਵਾਈ ਹੇਠ ਵਿਦਿਆਰਥਣਾਂ ਨੂੰ ਪਾਣੀ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਜਲ ਪੰਦਰਵਾੜਾ ਉਤਸ਼ਾਹ ਨਾਲ ਮਨਾਇਆ ਗਿਆ। ਇਸ 15 ਦਿਨਾਂ ਦੇ ਪ੍ਰੋਗਰਾਮ ਦੌਰਾਨ ਸਕੂਲ ’ਚ ਵੱਖ-ਵੱਖ ਗਤੀਵਿਧੀਆਂ ਜਿਵੇਂ ਪੋਸਟਰ ਮੈਕਿੰਗ, ਪੇਂਟਿੰਗ, ਸਲੋਗਨ ਰਾਈਟਿੰਗ, ਭਾਸ਼ਣ ਅਤੇ ਕੁਇਜ਼ ਮੁਕਾਬਲਿਆਂ ਰਾਹੀਂ ਪਾਣੀ ਬਚਾਉਣ ਤੇ ਪੌਦੇ ਲਗਾਉਣ ਬਾਰੇ ਜਾਣਕਾਰੀ ਦਿੱਤੀ ਗਈ। ਵਿਦਿਆਰਥਣਾਂ ਨੇ ‘ਪਾਣੀ ਬਚਾਓ, ਰੁੱਖ ਲਗਾਓ–ਜੀਵਨ ਬਚਾਓ’, ‘ਹਰ ਬੂੰਦ ਅਨਮੋਲ ਹੈ’ ਅਤੇ ‘ਪਾਣੀ ਹੈ ਤਾਂ ਜੀਵਨ ਹੈ’ ਵਰਗੇ ਪ੍ਰਭਾਵਸ਼ਾਲੀ ਸਲੋਗਨਾਂ ਰਾਹੀਂ ਪਾਣੀ ਦੀ ਮਹੱਤਤਾ ਨੂੰ ਦਰਸਾਇਆ। ਸਵੇਰ ਦੀ ਸਭਾ ’ਚ ਸਟਾਫ਼ ਅਤੇ ਵਿਦਿਆਰਥਣਾਂ ਨੂੰ ਪਾਣੀ ਦੀ ਬਰਬਾਦੀ ਰੋਕਣ ਅਤੇ ਸਮਾਜ ਨੂੰ ਜਾਗਰੂਕ ਕਰਨ ਦੀ ਸਹੁੰ ਚੁਕਾਈ ਗਈ। ਪ੍ਰਿੰਸੀਪਲ ਅੰਜੂ ਕੌੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਣੀ ਕੁਦਰਤ ਦੀ ਵੱਡਮੁਲੀ ਦਾਤ ਹੈ ਅਤੇ ਇਸ ਦੀ ਸੰਭਾਲ ਕਰਨਾ ਹਰ ਇੱਕ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਬਚਾਈ ਹੋਈ ਇਕ-ਇਕ ਬੂੰਦ ਭਵਿੱਖ ਦੀ ਸੁਰੱਖਿਆ ਹੈ। ਉਨ੍ਹਾਂ ਯਾਦ ਕਰਵਾਇਆ ਕਿ ਸੈਂਕੜੇ ਸਾਲ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਦਾ ਸੰਦੇਸ਼ ਦੇ ਕੇ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਸੀ। ਉਨ੍ਹਾਂ ਵਿਦਿਆਰਥਣਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਰਓ ਦਾ ਫ਼ਾਲਤੂ ਪਾਣੀ ਬੂਟਿਆਂ ਜਾਂ ਸਫ਼ਾਈ ਲਈ ਵਰਤਣ ਅਤੇ ਪਾਣੀ ਦੀ ਦੁਰਵਰਤੋਂ ਰੋਕਣ ਲਈ ਸਾਰਥਕ ਕਦਮ ਚੁੱਕਣ।