ਕਈ ਸਾਲਾਂ ਮਗਰੋਂ ਸਖਤ ਸਜ਼ਾ ਵਾਲਾ ਕਾਨੂੰਨ ਅਮਲ ’ਚ ਆਇਆ : ਸਵਾਜਪੁਰ
ਕਈ ਸਾਲਾਂ ਮਗਰੋਂ ਸਖਤ ਸਜ਼ਾ ਵਾਲਾ ਕਾਨੂੰਨ ਅਮਲ ’ਚ ਆਇਆ : ਜਗਮਿੰਦਰ ਸਵਾਜਪੁਰ
Publish Date: Tue, 21 Apr 2026 05:04 PM (IST)
Updated Date: Tue, 21 Apr 2026 05:07 PM (IST)

ਫੋਟੋ 21ਪੀਟੀਐਲ: 15 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026 ਬਿੱਲ ਮਨਜ਼ੂਰੀ ਦੇਣ ’ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸਪੀਕਰ ਕੁਲਤਾਰ ਸੰਧਵਾ ਅਤੇ ਪੰਜਾਬ ਸਰਕਾਰ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਉਘੇ ਆਗੂ ਅਤੇ ‘ਸ਼ੇਰੇ ਪੰਜਾਬ ਦਲ’ ਦੇ ਮੁੱਖ ਬੁਲਾਰੇ ਜਗਮਿੰਦਰ ਸਿੰਘ ਸਵਾਜਪੁਰ ਨੇ ਕਿਹਾ ਕਿ ਆਖਰ ਸੰਗਤ ਦੀਆਂ ਆਸਾਂ ਨੂੰ ਬੂਰ ਪੈ ਗਿਆ ਹੈ। ਉਨ੍ਹਾਂ ਵੱਲੋਂ ਵਿਸ਼ੇਸ਼ ਤੌਰ ’ਤੇ ਸਿੱਖ ਸਦਭਾਵਨਾ ਦਲ ਦੇ ਕਨਵੀਨਰ ਐਡਵੋਕੇਟ ਭਾਈ ਪਰਮਜੀਤ ਸਿੰਘ ਅਤੇ ਉਸ ਦੀ ਸਮੁੱਚੀ ਟੀਮ ਦਾ ਤਹਿ-ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਵਲੋਂ ਇਸ ਕਾਨੂੰਨ ਦਾ ਖਰੜਾ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ। ਉਨ੍ਹਾਂ ਕਿਹਾ ਕਿ ਇਕ ਪਾਸੇ ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਤੇ ਸ਼ੇਰੇ ਪੰਜਾਬ ਦਲ ਦੇ ਸੇਵਾਦਾਰ ਇਸ ਕਾਨੂੰਨ ਨੂੰ ਪਾਸ ਕਰਾਉਣ ਲਈ ਪਿਛਲੇ 5 ਸਾਲ ਤੋਂ ਅੰਮ੍ਰਿਤਸਰ ਵਿਖੇ ਧਰਨਾ ਲਗਾ ਕੇ ਬੈਠੇ ਸਨ, ਜਿਨ੍ਹਾਂ ਨੂੰ ਸੰਗਤਾਂ ਦਾ ਵੀ ਬਹੁਤ ਸਹਿਯੋਗ ਮਿਲਿਆ ਤੇ ਦੂਜੇ ਪਾਸ ਸਮਾਣਾ ਵਿਚ ਭਾਈ ਗੁਰਜੀਤ ਸਿੰਘ ਇਸ ਕਾਨੂੰਨ ਨੂੰ ਪਾਸ ਕਰਨ ਦੀ ਮੰਗ ਲੈ ਕੇ 18 ਮਹੀਨਿਆਂ ਤੋਂ ਚਾਰ ਸੌ ਫੁੱਟ ਉਚੇ ਟਾਵਰ ’ਤੇ ਧਰਨਾ ਲਗਾ ਕੇ ਡੱਟੇ ਰਹੇ। ਜਗਮਿੰਦਰ ਸਿੰਘ ਸਵਾਜਪੁਰ ਨੇ ਕਿਹਾ ਕਿ ਪੰਥ ਦੋਖੀਆਂ ਸਮੇਤ ਬਾਦਲ ਲਾਣੇ ਦੀਆਂ ਭੇਡਾਂ ਵਲੋਂ ਕਾਨੂੰਨ ਦੀ ਮੰਗ ਕਰਦੇ ਦੋਵੇਂ ਧਰਨਿਆਂ ਦਾ ਵਿਰੋਧ ਕੀਤਾ, ਪਰ ਨਾਨਕ ਨਾਮ ਲੇਵਾ ਸੰਗਤਾਂ ਦਾ ਆਪਣੇ ਗੁਰੂ ਉਪਰ ਵਿਸ਼ਵਾਸ਼ ਅਡੋਲ ਸੀ ਅਤੇ ਅੰਤ ਵਾਹਿਗੁਰੂ ਦੀ ਕ੍ਰਿਪਾ ਸਦਕਾ ‘ਜਾਗਤ ਜੋਤ ਸ੍ਰੀ ਗੁਰੂ ਗਰੰਥ ਸਾਹਿਬ ਸਤਿਕਾਰ (ਸੋਧ) ਐਕਟ-2026’ ਅੱਜ ਤੋਂ ਲਾਗੂ ਹੋ ਗਿਆ। ਉਨ੍ਹਾਂ ਕਿਹਾ ਕਿ ਕਰੀਬ 11 ਸਾਲ ਬਾਅਦ ਸਖਤ ਸਜ਼ਾ ਵਾਲਾ ਕਾਨੂੰਨ ਅਮਨ ਵਿਚ ਆਇਆ ਹੈ। ਅੰਤ ਵਿਚ ਸਵਾਜਪੁਰ ਵਲੋਂ ਭਾਈ ਬਲਦੇਵ ਸਿੰਘ ਬਡਾਲਾ, ਭਾਈ ਗੁਰਜੀਤ ਸਿੰਘ, ਭਾਈ ਜਗਜੀਤ ਸਿੰਘ ਡੱਲੇਵਾਲ ਐਸ. ਕੇ. ਐਮ. ਨਾਨ ਪੋਲੀਟਿਕਲ, ਭਾਈ ਬਲਦੇਵ ਸਿੰਘ ਸਿਰਸਾ ਸਮੇਤ ਸਮੁੱਚੀਆਂ ਸਿੱਖ ਜਥੇਬੰਦੀਆਂ ਜਿਨ੍ਹਾਂ ਵਲੋਂ ਇਸ ਕਾਨੂੰਨ ਲਈ ਹਾਅ ਦਾ ਨਾਅਰਾ ਮਾਰਿਆ ਸਭ ਦਾ ਧੰਨਵਾਦ ਕੀਤਾ।