ਸਿੱਖ ਯਾਦ ਵਿਚ 1984 ਵਿਸ਼ੇ ’ਤੇ ਅੰਤਰਰਾਸ਼ਟਰੀ ਸੈਮੀਨਾਰ ਸੰਪੰਨ
ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਵਿਖੇ ਬੀਤੇ ਕੱਲ੍ਹ ਤੋਂ ਚੱਲ ਰਹਾ ਅੰਤਰਰਾਸ਼ਟਰੀ ਸੈਮੀਨਾਰ, ਜਿਸ ਦਾ ਵਿਸ਼ਾ ‘ਸਿੱਖ ਯਾਦ ਵਿਚ 1984’ ਸੀ, ਸੰਪੰਨ ਹੋ ਗਿਆ। ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਵਾਈਸ-ਚਾਂਸਲਰ ਪ੍ਰੋ. ਪਰਿਤ ਪਾਲ ਸਿੰਘ ਨੇ ਸੈਮੀਨਾਰ ਦੌਰਾਨ ਪੇਸ਼ ਹੋਏ ਖੋਜ-ਪੱਤਰਾਂ ਤੇ ਹੋਈਆਂ ਵਿਚਾਰ-ਚਰਚਾਵਾਂ ’ਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਯੂਨੀਵਰਸਿਟੀ ਇਨ੍ਹਾਂ ਖੋਜ-ਪੱਤਰਾਂ ਨੂੰ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਕਰੇਗੀ।
Publish Date: Sat, 30 May 2026 06:12 PM (IST)
Updated Date: Sat, 30 May 2026 06:14 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਵਿਖੇ ਬੀਤੇ ਕੱਲ੍ਹ ਤੋਂ ਚੱਲ ਰਹਾ ਅੰਤਰਰਾਸ਼ਟਰੀ ਸੈਮੀਨਾਰ, ਜਿਸ ਦਾ ਵਿਸ਼ਾ ‘ਸਿੱਖ ਯਾਦ ਵਿਚ 1984’ ਸੀ, ਸੰਪੰਨ ਹੋ ਗਿਆ। ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਵਾਈਸ-ਚਾਂਸਲਰ ਪ੍ਰੋ. ਪਰਿਤ ਪਾਲ ਸਿੰਘ ਨੇ ਸੈਮੀਨਾਰ ਦੌਰਾਨ ਪੇਸ਼ ਹੋਏ ਖੋਜ-ਪੱਤਰਾਂ ਤੇ ਹੋਈਆਂ ਵਿਚਾਰ-ਚਰਚਾਵਾਂ ’ਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਯੂਨੀਵਰਸਿਟੀ ਇਨ੍ਹਾਂ ਖੋਜ-ਪੱਤਰਾਂ ਨੂੰ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਕਰੇਗੀ। ਸੈਮੀਨਾਰ ਦੀ ਸ਼ੁਰੂਆਤ ਡਾ. ਹਰਦੇਵ ਸਿੰਘ, ਡੀਨ, ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਫੈਕਲਟੀ ਵੱਲੋਂ ਸੈਮੀਨਾਰ ਦੀ ਰਿਪੋਰਟ ਪੇਸ਼ ਕਰਨ ਨਾਲ ਹੋਈ। ਸੈਮੀਨਾਰ ਦੇ ਵਿਦਾਇਗੀ ਵਕਤਾ ਡਾ. ਪ੍ਰੀਤਮ ਸਿੰਘ, ਸਾਬਕਾ ਪ੍ਰੋਫੈਸਰ, ਆਕਸਫੋਰਡ ਯੂਨੀਵਰਸਿਟੀ ਨੇ ਸਾਕਾ 1984 ਦੇ ਪੰਜਾਬ ਅਤੇ ਸਿੱਖ ਪੰਥ ’ਤੇ ਪਏ ਦਿਸਦੇ ਅਤੇ ਅਣਦਿਸਦੇ ਆਰਥਿਕ ਪ੍ਰਭਾਵਾਂ ਬਾਰੇ ਚਰਚਾ ਕੀਤੀ। ਆਨਲਾਈਨ ਸੈਸ਼ਨ ਦੇ ਮੁੱਖ ਵਿਦਵਾਨ ਵਕਤਾ ਡਾ. ਗਿਆਨ ਸਿੰਘ ਸੰਧੂ, ਸਰਪ੍ਰਸਤ, ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟਡੀਜ਼, ਕੈਨੇਡਾ ਨੇ ‘ਪ੍ਰਵਾਸੀ ਸਿੱਖ ਯਾਦ ਵਿਚ 1984’ ਵਿਸ਼ੇ ਅਧੀਨ ਆਪਣੇ ਵਿਚਾਰ ਪ੍ਰਗਟ ਕੀਤੇ। ਪ੍ਰੋਫੈਸਰ ਗੁਰਚਰਨ ਸਿੰਘ, ਕੈਨੇਡਾ ਨੇ ਸਾਕਾ 1984 ਦੇ ਸਾਹਿਤ ਜਗਤ ’ਤੇ ਪਏ ਪ੍ਰਭਾਵਾਂ ਬਾਰੇ ਵਿਚਾਰ ਰੱਖੇ। ਸਿੱਖ ਐਜੂਕੇਸ਼ਨ ਕੌਂਸਲ ਯੂਕੇ ਦੇ ਪ੍ਰੋਜੈਕਟ ਫੈਲੋ ਡਾ. ਜਸਵੀਰ ਸਿੰਘ ਨੇ ‘ਯਾਦ ਦਾ ਸੰਕਲਪ ਅਤੇ 1984’ ਵਿਸ਼ੇ ਉੱਤੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਨਸਲਕੁਸ਼ੀ ਦੇ ਸਿਧਾਂਤਕ ਅਤੇ ਇਤਿਹਾਸਕ ਪੱਖਾਂ ’ਤੇ ਚਾਨਣਾ ਪਾਇਆ। ਇਸ ਮੌਕੇ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ, ਡੀਨ ਅਕਾਦਮਿਕ ਮਾਮਲੇ, ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸੈਮੀਨਾਰ ਵਿਚ ਸ਼ਾਮਲ ਹੋਣ ਵਾਲੇ ਸਮੂਹ ਪਤਵੰਤੇ ਸੱਜਣਾਂ ਅਤੇ ਸਰੋਤਿਆਂ ਦਾ ਧੰਨਵਾਦ ਡਾ. ਰਮਨਦੀਪ ਕੌਰ, ਮੁਖੀ, ਰਾਜਨੀਤੀ ਵਿਭਾਗ ਨੇ ਕੀਤਾ।