ਪਾਤੜਾਂ ਕੌਂਸਲ ਚੋਣਾਂ ਦੇ ਰੌਚਕ ਪਹਿਲੂ: ਨੂੰਹ ਜਿੱਤੀ ਤੇ ਸਹੁਰਾ ਹਾਰਿਆ, ਤਿੰਨਾਂ ਪ੍ਰਮੁੱਖ ਪਾਰਟੀਆਂ ਦੇ ਸ਼ਹਿਰੀ ਪ੍ਰਧਾਨਾਂ ਨੂੰ ਵੀ ਮਿਲੀ ਕਰਾਰੀ ਹਾਰ
ਨਗਰ ਕੌਂਸਲ ਪਾਤੜਾਂ ਦੀ ਹੋਈ ਚੋਣ ਦੇ ਐਲਾਨੇ ਗਏ ਨਤੀਜਿਆਂ ਦੌਰਾਨ ਰੋਚਕ ਕਿਸੇ ਸਾਹਮਣੇ ਆਈ। ਇਸ ਚੋਣ ਦੌਰਾਨ ਦੋ ਵੱਖੋ-ਵੱਖਰੇ ਵਾਰਡਾਂ ਤੋਂ ਇੱਕੋ ਪਾਰਟੀ ਦੀ ਟਿਕਟ ’ਤੇ ਚੋਣ ਮੈਦਾਨ ’ਚ ਉਤਰੇ ਨੂੰਹ-ਸਹੁਰਾ ਅਜੀਬੋ ਗਰੀਬ ਸਥਿਤੀ ’ਚ ਫਸ ਗਏ। ਵੋਟਰਾਂ ਨੇ ਇਕ ਪਾਸੇ ਜਿੱਥੇ ਨੂੰਹ ਨੂੰ ਕੌਂਸਲਰ ਦੀ ਕੁਰਸੀ ’ਤੇ ਬਿਠਾ ਦਿੱਤਾ, ਉੱਥੇ ਉਸਦੇ ਸਹੁਰਾ ਸਾਹਿਬ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
Publish Date: Sat, 30 May 2026 11:02 AM (IST)
Updated Date: Sat, 30 May 2026 11:05 AM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ। ਨਗਰ ਕੌਂਸਲ ਪਾਤੜਾਂ ਦੀ ਹੋਈ ਚੋਣ ਦੇ ਐਲਾਨੇ ਗਏ ਨਤੀਜਿਆਂ ਦੌਰਾਨ ਰੋਚਕ ਕਿਸੇ ਸਾਹਮਣੇ ਆਈ। ਇਸ ਚੋਣ ਦੌਰਾਨ ਦੋ ਵੱਖੋ-ਵੱਖਰੇ ਵਾਰਡਾਂ ਤੋਂ ਇੱਕੋ ਪਾਰਟੀ ਦੀ ਟਿਕਟ ’ਤੇ ਚੋਣ ਮੈਦਾਨ ’ਚ ਉਤਰੇ ਨੂੰਹ-ਸਹੁਰਾ ਅਜੀਬੋ ਗਰੀਬ ਸਥਿਤੀ ’ਚ ਫਸ ਗਏ। ਵੋਟਰਾਂ ਨੇ ਇਕ ਪਾਸੇ ਜਿੱਥੇ ਨੂੰਹ ਨੂੰ ਕੌਂਸਲਰ ਦੀ ਕੁਰਸੀ ’ਤੇ ਬਿਠਾ ਦਿੱਤਾ, ਉੱਥੇ ਉਸਦੇ ਸਹੁਰਾ ਸਾਹਿਬ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਚੋਣ ਦੌਰਾਨ ਦੂਜੇ ਪਾਸੇ ਤਿੰਨੋਂ ਵੱਡੀਆਂ ਸਿਆਸੀ ਪਾਰਟੀਆਂ ਦੇ ਸ਼ਹਿਰੀ ਪ੍ਰਧਾਨ ਆਪੋ-ਆਪਣੇ ਵਾਰਡਾਂ ਵਿਚੋਂ ਚੋਣ ਹਾਰ ਗਏ ਉੱਥੇ ਹੀ ਇਸ ਚੋਣ ਦੌਰਾਨ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਲਗਾਤਾਰ ਚੌਥੀ ਵਾਰ ਰਿਕਾਰਡ ਜਿੱਤ ਹਾਸਲ ਕਰਨ ’ਚ ਕਾਮਯਾਬ ਰਹੇ।
ਜਾਣਕਾਰੀ ਅਨੁਸਾਰ ਪਿਛਲੀਆਂ ਨਗਰ ਕੌਂਸਲ ਚੋਣਾਂ ਦੌਰਾਨ ਚੋਣ ਮੈਦਾਨ ’ਚ ਨਿਤਰੇ ਭਗਵਤ ਦਿਆਲ ਨਿੱਕਾ ਤੇ ਉਨ੍ਹਾਂ ਦੀ ਨੂੰਹ ਪ੍ਰੀਤੀ ਜੈਨ ਆਪੋ-ਆਪਣੇ ਵਾਰਡਾਂ ’ਚੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤ ਗਏ ਸੀ। ਜਿੱਤਣ ਉਪਰੰਤ ਦੋਵੇਂ ਨੂੰਹ-ਸਹੁਰਾ ਸੱਤਾਧਾਰੀ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਸੀ ਅਤੇ ਪ੍ਰੀਤੀ ਜੈਨ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਵੀ ਰਹੇ।
ਇਸ ਵਾਰ ਫਿਰ ਭਗਵਤ ਦਿਆਲ ਨਿੱਕਾ ਵਾਰਡ ਨੰਬਰ ਦੋ ਤੇ ਉਨਾਂ ਦੀ ਨੂੰਹ ਪ੍ਰੀਤੀ ਜੈਨ ਵਾਰਡ ਨੰਬਰ 15 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਉਤਰੇ ਸੀ।
ਤਾਜ਼ਾ ਨਤੀਜਿਆਂ ਦੌਰਾਨ ਭਗਵਤ ਦਿਆਲ ਨਿੱਕਾ ਕਾਂਗਰਸ ਦੇ ਉਮੀਦਵਾਰ ਅੰਮ੍ਰਿਤ ਅਨਮੋਲ ਓਮ ਸ਼ਾਂਤੀ ਤੋਂ ਹਾਰ ਗਏ ਜਦਕਿ ਉਨ੍ਹਾਂ ਦੀ ਨੂੰਹ ਪ੍ਰੀਤੀ ਜੈਨ ਚੋਣ ਜਿੱਤ ਗਏ। ਇਨ੍ਹਾਂ ਚੋਣਾਂ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਮਦਨ ਲਾਲ ਗੋਇਲ ਵਾਰਡ ਨੰਬਰ 10 ਤੋਂ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਰਾਜੇਸ਼ ਕੁਮਾਰ ਹੈਪੀ ਦੀ ਪਤਨੀ ਪੂਜਾ ਰਾਣੀ ਵਾਰਡ ਨੰਬਰ ਸੱਤ ਤੋਂ ਤੇ ਭਾਰਤੀ ਜਨਤਾ ਪਾਰਟੀ ਦੇ ਸ਼ਹਿਰੀ ਪ੍ਰਧਾਨ ਸਤੀਸ਼ ਗਰਗ ਦੀ ਪਤਨੀ ਕਿਰਨ ਗਰਗ ਵਾਰਡ ਨੰਬਰ 13 ਤੋਂ ਚੋਣ ਮੈਦਾਨ ਵਿੱਚ ਸੀ।
ਆਪ ਦੇ ਸ਼ਹਿਰੀ ਪ੍ਰਧਾਨ ਮਦਨ ਲਾਲ ਗੋਇਲ ਤੇ ਕਾਂਗਰਸ ਅਤੇ ਭਾਜਪਾ ਦੇ ਸ਼ਹਿਰੀ ਪ੍ਰਧਾਨਾਂ ਦੀਆਂ ਪਤਨੀਆਂ ਚੋਣ ਹਾਰ ਗਈਆਂ। ਨਗਰ ਕੌਂਸਲ ਦੇ ਵਾਰਡ ਨੰਬਰ ਛੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਤੌਰ ਤੇ ਚੋਣ ਮੈਦਾਨ ’ਚ ਉਤਰੇ ਸਾਬਕਾ ਪ੍ਰਧਾਨ ਨਰਿੰਦਰ ਸਿੰਗਲਾ ਨੇ ਲਗਾਤਾਰ ਚੌਥੀ ਵਾਰ ਕਾਂਗਰਸ ਦੀ ਟਿਕਟ ਉੱਤੇ ਚੋਣ ਲੜੀ।
ਉਹ ਪਾਰਟੀ ਦੇ ਹਲਕਾ ਇੰਚਾਰਜ ਦੀ ਥਾਪੜਾ ਤੋਂ ਬਿਨਾਂ 652 ਵੋਟਾਂ ਦੀ ਰਿਕਾਰਡ ਲੀਡ ਨਾਲ ਜਿੱਤ ਹਾਸਲ ਕੀਤੀ। ਉਹ ਸ਼ਹਿਰ ’ਚ ਸਭ ਤੋਂ ਵੱਧ ਵੋਟਾਂ ਨਾਲ ਜਿੱਤਣ ਦੇ ਨਾਲ ਨਾਲ ਲਗਾਤਾਰ ਚੌਥੀ ਵਾਰ ਐੱਮਸੀ ਬਣਨ ’ਚ ਕਾਮਯਾਬ ਰਹੇ। ਭਾਰਤੀ ਜਨਤਾ ਪਾਰਟੀ ਦੀ ਕੌਂਸਲਰ ਬਣੀ ਰਾਮ ਰਤੀ 17 ਵੋਟਾਂ ਨਾਲ ਤੇ ‘ਆਪ’ ਕੌਂਸਲਰ ਰੇਨੂੰ ਵਧਵਾ ਦਾ 20 ਵੋਟਾਂ ਨਾਲ ਜਿੱਤਣ ਦੀ ਸ਼ਹਿਰ ਵਿੱਚ ਚਰਚਾ ਹੁੰਦੀ ਰਹੀ।