ਕੁੱਤਿਆਂ ਦੀ ਵਧਦੀ ਭਰਮਾਰ, ਲੋਕ ਬਣ ਰਹੇ ਸ਼ਿਕਾਰ, ਪ੍ਰਸ਼ਾਸਨ ਲਾਚਾਰ
ਕੁੱਤਿਆਂ ਦੀ ਵਧਦੀ ਭਰਮਾਰ, ਲੋਕ ਬਣ ਰਹੇ ਸ਼ਿਕਾਰ, ਪ੍ਰਸ਼ਾਸਨ ਲਾਚਾਰ
Publish Date: Thu, 26 Feb 2026 04:38 PM (IST)
Updated Date: Fri, 27 Feb 2026 04:04 AM (IST)

ਕੁੱਤਿਆਂ ਦੀ ਵਧਦੀ ਗਿਣਤੀ ਰੋਕਣ ਲਈ ਪ੍ਰਸ਼ਾਸਨ ਕੋਲ ਨਹੀ ਕੋਈ ਠੋਸ ਯੋਜਨਾ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਸ਼ਹਿਰ ਹੋਵੇ ਜਾਂ ਪਿੰਡ, ਗਲੀ ਹੋਵੇ ਜਾਂ ਮੁਹੱਲਾ, ਹਰ ਥਾਂ ਆਵਾਰਾ ਕੁੱਤਿਆਂ ਦੀ ਭਰਮਾਰ ਵੇਖਣ ਨੂੰ ਮਿਲ ਰਹੀ ਹੈ। ਹਾਲਾਤ ਇਹ ਹਨ ਕਿ ਇਹ ਆਵਾਰਾ ਕੁੱਤੇ ਰੋਜ਼ਾਨਾ ਕਿਸੇ ਨਾ ਕਿਸੇ ਮਾਸੂਮ ਬੱਚੇ ਜਾਂ ਬਜ਼ੁਰਗ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ, ਪਰ ਉਨ੍ਹਾਂ ਦੀ ਵੱਧ ਰਹੀ ਗਿਣਤੀ ਨਾਲ ਨਿਪਟਣ ਲਈ ਪ੍ਰਸ਼ਾਸਨ ਕੋਲ ਕੋਈ ਠੋਸ ਯੋਜਨਾ ਨਹੀਂ ਹੈ। ਕੁੱਤਿਆਂ ਦੀ ਵਧਦੀ ਗਿਣਤੀ ਲੋਕਾਂ ਲਈ ਖ਼ਤਰਾ ਬਣਦੀ ਜਾ ਰਹੀ ਹੈ ਅਤੇ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਿਹਾ ਹੈ। ਜ਼ਿਲ੍ਹੇ ਭਰ ਵਿਚ ਆਵਾਰਾ ਕੁੱਤਿਆਂ ਦੀ ਗਿਣਤੀ ਕਾਫ਼ੀ ਵੱਡੀ ਹੈ, ਪਰ ਇਸ ਸਮੱਸਿਆ ਨਾਲ ਨਜਿੱਠਣ ਲਈ ਕੋਈ ਠੋਸ ਨੀਤੀ ਨਹੀਂ ਬਣਾਈ ਗਈ। ਲੱਖ ਕੋਸ਼ਿਸ਼ਾਂ ਅਤੇ ਦਾਵਿਆਂ ਦੇ ਬਾਵਜੂਦ ਵੀ ਕੁੱਤਿਆਂ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ। ਕੁੱਤਿਆਂ ਨੂੰ ਫੜਨ ਵਿਚ ਵਿਭਾਗ ਨੇ ਵੀ ਹੱਥ ਖੜ੍ਹੇ ਕਰ ਦਿੱਤੇ ਹਨ। ਸਟਾਫ ਤੇ ਫੰਡ ਦੀ ਘਾਟ ਹੀ ਕੁੱਤਿਆਂ ਦੀ ਵਧਦੀ ਗਿਣਤੀ ਨੂੰ ਰੋਕਣ ਵਿਚ ਸਭ ਤੋਂ ਵੱਡੀ ਰੁਕਾਵਟ ਬਣੀ ਹੋਈ ਹੈ। ਸ਼ਹਿਰ ਦੇ ਸੁਨਾਮੀ ਗੇਟ, ਪਟਿਆਲਾ ਗੇਟ, ਨਾਭਾ ਗੇਟ, ਸਬਜ਼ੀ ਮੰਡੀ, ਮੰਡੀ ਗਲੀ, ਬੱਸ ਸਟੈਂਡ, ਪਸ਼ੂ ਹਸਪਤਾਲ ਦੇ ਸਾਹਮਣੇ ਤੇ ਹਰ ਕਾਲੋਨੀ, ਗਲੀ ਤੇ ਮੁਹੱਲੇ ਵਿਚ ਆਵਾਰਾ ਕੁੱਤਿਆਂ ਦੇ ਝੁੰਡ ਘੁੰਮਦੇ ਵੇਖੇ ਜਾ ਸਕਦੇ ਹਨ। ਭੀੜ ਵਾਲੀਆਂ ਥਾਵਾਂ ’ਤੇ ਵੀ ਕੁੱਤਿਆਂ ਦੀ ਭਰਮਾਰ : ਸ਼ਹਿਰ ਵਾਸੀ ਸਰੋਜ ਕੁਮਾਰੀ, ਪੂਜਾ ਰਾਣੀ ਅਤੇ ਬਿਮਲਾ ਨੇ ਦੱਸਿਆ ਕਿ ਉਹ ਹਰ ਰੋਜ਼ ਸ਼ਾਮ ਨੂੰ ਸਬਜ਼ੀ ਲੈਣ ਲਈ ਬਾਜ਼ਾਰ ਜਾਂਦੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਇੰਨੀ ਭੀੜ ਵਾਲੇ ਇਲਾਕੇ ਵਿਚ ਵੀ ਪੰਜ-ਸੱਤ ਕੁੱਤੇ ਤੇ ਬੇਸਹਾਰਾ ਪਸ਼ੂ ਖੁੱਲ੍ਹੇ ਘੁੰਮਦੇ ਰਹਿੰਦੇ ਹਨ। ਕਈ ਵਾਰ ਵਾਹਨਾਂ ਦੇ ਅੱਗੇ ਆ ਕੇ ਰਸਤਾ ਰੋਕ ਲੈਂਦੇ ਹਨ ਅਤੇ ਕਈ ਵਾਰ ਵੱਢਣ ਲਈ ਦੌੜ ਪੈਂਦੇ ਹਨ। ਕੁੱਤੇ ਬੱਚਿਆਂ ਤੇ ਬਜ਼ੁਰਗਾਂ ’ਤੇ ਕਰਦੇ ਹਨ ਹਮਲਾ ਸ਼ਹਿਰ ਵਾਸੀਆਂ ਮੁਤਾਬਕ ਪਿਛਲੇ ਕੁਝ ਸਮੇਂ ਤੋਂ ਸ਼ਹਿਰ ਦੇ ਕਈ ਇਲਾਕਿਆਂ ਵਿਚ ਇਹ ਖੂੰਖਾਰ ਕੁੱਤੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਘਰ ਦੇ ਬਾਹਰ ਖੇਡਦੇ ਬੱਚਿਆਂ ‘ਤੇ ਅਚਾਨਕ ਹਮਲਾ ਕਰ ਦਿੰਦੇ ਹਨ, ਜਦਕਿ ਬਾਜ਼ਾਰ ਜਾਂਦੀਆਂ ਬਜ਼ੁਰਗ ਮਹਿਲਾਵਾਂ ‘ਤੇ ਵੀ ਹਮਲੇ ਹੋਏ ਹਨ। ਸਬਜ਼ੀ ਦੀਆਂ ਰੇਹੜੀਆਂ ਨੂੰ ਨੁਕਸਾਨ ਪਹੁੰਚਾਉਣ ਸਮੇਤ ਕਈ ਲੋਕਾਂ ਨੂੰ ਚੋਟਾਂ ਵੀ ਲੱਗੀਆਂ ਹਨ। ਲੋਕਾਂ ਕੀਤੀ ਠੋਸ ਨੀਤੀ ਬਣਾਉਣ ਦੀ ਮੰਗ ਸ਼ਹਿਰ ਵਾਸੀਆਂ ਨੇ ਸੰਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਉਹ ਲੰਮੇ ਸਮੇਂ ਤੋਂ ਆਵਾਰਾ ਕੁੱਤਿਆਂ ਦੇ ਖੌਫ ਤੋਂ ਪਰੇਸ਼ਾਨ ਹਨ। ਕਈ ਵਾਰ ਵਿਭਾਗੀ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ, ਪਰ ਕੋਈ ਠੋਸ ਕਾਰਵਾਈ ਨਹੀਂ ਹੋਈ। ਉਨ੍ਹਾਂ ਦੀ ਮੰਗ ਹੈ ਕਿ ਕੁੱਤਿਆਂ ਨੂੰ ਫੜ ਕੇ ਕਿਸੇ ਸੁਰੱਖਿਅਤ ਥਾਂ ‘ਤੇ ਰੱਖਿਆ ਜਾਵੇ, ਉਨ੍ਹਾਂ ਦੀ ਨਸਬੰਦੀ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਆਬਾਦੀ ਤੋਂ ਦੂਰ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਲਗਭਗ ਹਰ ਮਹੀਨੇ 100 ਤੋਂ ਵੱਧ ਕੁੱਤਿਆਂ ਦੇ ਵੱਢਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅੰਕੜੇ ਇਕੱਠੇ ਕੀਤੇ ਜਾ ਰਹੇ ਹਨ : ਐੱਸਐੱਮਓ ਐੱਸਐੱਮਓ ਵਿਨੋਦ ਕੁਮਾਰ ਨੇ ਕਿਹਾ ਕਿ ਡਾਗ ਬਾਈਟ ਦੇ ਮਾਮਲੇ ਲਗਾਤਾਰ ਆ ਰਹੇ ਹਨ। ਮਰੀਜ਼ਾਂ ਦੇ ਇਲਾਜ ਦੇ ਨਾਲ-ਨਾਲ ਰੈਬੀਜ਼ ਤੋਂ ਬਚਾਅ ਲਈ ਵੈਕਸੀਨ ਦੀ ਉਪਲਬਧਤਾ ਯਕੀਨੀ ਬਣਾਈ ਜਾ ਰਹੀ ਹੈ। ਲੋਕਾਂ ਨੂੰ ਵੀ ਸਾਵਧਾਨ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਖਾਸਕਰ ਬੱਚੇ ਤੇ ਬਜ਼ੁਰਗ ਨੂੰ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ। ਹੁਣ ਤੱਕ ਦੀਆਂ ਵਾਪਰੀਆਂ ਘਟਨਾਵਾਂ * 9 ਜਨਵਰੀ 2026 ਨੂੰ ਸੁੰਦਰ ਬਸਤੀ ਦੇ 5 ਸਾਲਾ ਰੋਹਿਤ ਪੁੱਤਰ ਸਾਗਰ ਨੂੰ ਕੁੱਤਿਆਂ ਨੇ ਨੋਚਿਆ। * 2 ਫਰਵਰੀ 2026 ਨੂੰ ਸੁੰਦਰ ਬਸਤੀ ਦੇ 5 ਸਾਲਾ ਗਗਨਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਨੂੰ ਕੁੱਤਿਆਂ ਨੇ ਵੱਢਿਆ। * 30 ਦਸੰਬਰ 2025 ਨੂੰ ਪ੍ਰੇਮ ਬਸਤੀ ਦੀ ਅਨੀਤਾ ਰਾਣੀ ਨੂੰ ਕੁੱਤਿਆਂ ਨੇ ਕੱਟਿਆ। * 2018 ਵਿੱਚ ਪਿੰਡ ਭਿੰਡਰਾਂ ਵਿੱਚ 5 ਸਾਲਾ ਬੱਚੇ ਨੂੰ ਆਵਾਰਾ ਕੁੱਤਿਆਂ ਨੇ ਨੋਚ ਕੇ ਮਾਰ ਦਿੱਤਾ। * ਜੁਲਾਈ 2018 ਵਿੱਚ ਸ਼ੇਰਪੁਰ ਵਿੱਚ ਦੌੜ ਲਾ ਰਹੇ 14 ਸਾਲਾ ਹਰਮਨਦੀਪ ਸਿੰਘ ਨੂੰ ਕੁੱਤਿਆਂ ਨੇ ਕੱਟਿਆ। * 3 ਫਰਵਰੀ 2021 ਨੂੰ ਪਿੰਡ ਝਨੇੜੀ ਵਿੱਚ 9 ਸਾਲਾ ਸੁਖਪ੍ਰੀਤ ਕੌਰ ‘ਤੇ ਕੁੱਤਿਆਂ ਨੇ ਹਮਲਾ ਕੀਤਾ। * 16 ਫਰਵਰੀ 2021 ਨੂੰ ਪਿੰਡ ਬੇਨੜਾ ਵਿੱਚ 6 ਸਾਲਾ ਅਵਨੀਤ ਨੂੰ ਕੁੱਤਿਆਂ ਨੇ ਕੱਟ ਕੇ ਮਾਰ ਦਿੱਤਾ। * 20 ਫਰਵਰੀ 2024 ਨੂੰ ਅਹਿਮਦਗੜ੍ਹ ਵਿੱਚ ਇੱਕ ਬੱਚੇ ‘ਤੇ 8-10 ਕੁੱਤਿਆਂ ਨੇ ਹਮਲਾ ਕੀਤਾ। * 13 ਮਈ ਨੂੰ ਮੂਨਕ ਵਿੱਚ ਖੇਡ ਰਹੇ 12 ਸਾਲਾ ਲੜਕੇ ‘ਤੇ ਪਿਟਬੁੱਲ ਨਸਲ ਦੇ ਕੁੱਤੇ ਨੇ ਹਮਲਾ ਕੀਤਾ।