ਭਮਾਰਸੀ ਜੇਰ ’ਚ 64ਵੇਂ ਪੇਂਡੂ ਖੇਡ ਮੇਲੇ ਦੇ ਦੂਜੇ ਦਿਨ ਦੀਆਂ ਖੇਡਾਂ ਦਾ ਉਦਘਾਟਨ
ਭਮਾਰਸੀ ਜੇਰ ਵਿਖੇ 64ਵੇਂ ਪੇਂਡੂ ਖੇਡ ਮੇਲੇ ਦੇ ਦੂਜੇ ਦਿਨ ਦੀਆਂ ਖੇਡਾਂ ਦਾ ਉਦਘਾਟਨ
Publish Date: Fri, 12 Sep 2025 04:37 PM (IST)
Updated Date: Sat, 13 Sep 2025 03:59 AM (IST)

ਫ਼ੋਟੋ ਫ਼ਾਈਲ : 22 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪਿੰਡ ਭਮਾਰਸੀ ਜੇਰ ਵਿਖੇ 64ਵੇਂ ਪੇਂਡੂ ਖੇਡ ਮੇਲੇ ਦੇ ਦੂਜੇ ਦਿਨ ਦੀਆਂ ਖੇਡਾਂ ਦਾ ਉਦਘਾਟਨ ਮਾਰਕੀਟ ਕਮੇਟੀ ਸਰਹਿੰਦ ਫਤਹਿਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਕੀਤਾ। ਉਨ੍ਹਾਂ ਕਿਹਾ ਕਿ ਕਬੱਡੀ, ਰੱਸਾ-ਕੱਸੀ ਤੇ ਕੁਸ਼ਤੀਆਂ ਪੰਜਾਬ ਦੀਆਂ ਰਵਾਇਤੀ ਖੇਡਾਂ ਹਨ। ਸਾਡੇ ਪਿੰਡਾਂ ਦੇ ਨੌਜਵਾਨਾਂ ਵੱਲੋਂ ਇਨ੍ਹਾਂ ਖੇਡਾਂ ਵਿਚ ਵਧ ਚੜ੍ਹ ਕੇ ਖੁਸ਼ੀਆਂ ਭਰੇ ਮਾਹੌਲ ਵਿਚ ਵੱਡੀ ਗਿਣਤੀ ਵਿਚ ਹਿੱਸਾ ਲੈਣਾ ਸਾਬਤ ਕਰਦਾ ਹੈ ਕਿ ਇਹ ਰਵਾਇਤੀ ਖੇਡਾਂ ਵਿਰਸੇ ਦਾ ਅੰਗ ਬਣ ਚੁੱਕੀਆਂ ਹਨ। ਅੱਜ ਐਨਆਰਆਈ ਅਵਤਾਰ ਸਿੰਘ ਯੂਐਸਏ ਵਾਲਿਆਂ ਦੀ ਅਗਵਾਈ ਵਿਚ ਬਣੀ ਕਮੇਟੀ ਅਤੇ ਗ੍ਰਾਮ ਪੰਚਾਇਤ ਭਮਾਰਸੀ ਜੇਰ ਵੱਲੋਂ ਹਰ ਸਾਲ ਇਹ ਖੇਡ ਮੇਲਾ ਕਰਵਾਇਆ ਜਾਂਦਾ ਹੈ ਜੋ ਇਲਾਕੇ ਦੇ ਵੱਡੇ ਖੇਡ ਮੇਲਿਆਂ ਵਿੱਚੋਂ ਇੱਕ ਹੈ। ਇਸੇ ਪਿੰਡ ਭਮਾਰਸੀ ਜੇਰ ਦੀ ਕਬੱਡੀ ਟੀਮ ਨਾਲ ਮੁਲਾਕਾਤ ਤੇ ਹੌਂਸਲਾ ਅਫਜ਼ਾਈ ਕਰਦਿਆਂ ਚੇਅਰਮੈਨ ਤੇ ਸੂਬਾ ਬੁਲਾਰੇ ਗੁਰਵਿੰਦਰ ਸਿੰਘ ਢਿੱਲੋਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਟ੍ਰੇਨਿੰਗ ਪ੍ਰੋਗਰਾਮ ਚਲਾਏ ਜਾ ਰਹੇ ਹਨ। ਮੇਲੇ ਵਿਚ ਸ਼ਿਰਕਤ ਕਰਨ ਸਮੇਂ ਅਵਤਾਰ ਸਿੰਘ ਯੂਐਸਏ ਅਤੇ ਸਰਪੰਚ ਨਰਿੰਦਰ ਸਿੰਘ ਗ੍ਰਾਮ ਪੰਚਾਇਤ ਭਮਾਰਸੀ ਜੇਰ ਵੱਲੋਂ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ, ਬਲਬੀਰ ਸਿੰਘ ਸੋਢੀ ਬਲਾਕ ਪ੍ਰਧਾਨ, ਨਿਰਮਲ ਸਿੰਘ ਸੀੜਾ, ਹਰਦੇਵ ਸਿੰਘ ਸਾਬਕਾ ਸਰਪੰਚ ਤੇ ਤਰਨਪਾਲ ਸਿੰਘ ਨੂੰ ਸਨਮਾਨਤ ਕੀਤਾ ਗਿਆ। ਫ਼ੋਟੋ ਕੈਪਸ਼ਨ : ਭਮਾਰਸੀ ਜੇਰ ਦੇ ਖੇਡ ਮੇਲੇ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਗੁਰਵਿੰਦਰ ਸਿੰਘ ਢਿੱਲੋਂ ਤੇ ਹੋਰ।