ਭ੍ਰਿਸ਼ਟਾਚਾਰ ਦੇ ਮਾਮਲਿਆਂ ’ਚ ਈਡੀ ਤੇ ਸੀਬੀਆਈ ਦੀ ਕਾਰਵਾਈ ਸਬੂਤਾਂ ’ਤੇ ਆਧਾਰਤ : ਸੰਧੂ
ਭ੍ਰਿਸ਼ਟਾਚਾਰ ਦੇ ਮਾਮਲਿਆਂ ਚ, ਈਡੀ ਅਤੇ ਸੀਬੀਆਈ ਦੀ ਕਾਰਵਾਈ ਸਬੂਤਾਂ ਦੇ ਅਧਾਰਤ: ਸੰਧੂ
Publish Date: Sun, 24 May 2026 06:06 PM (IST)
Updated Date: Mon, 25 May 2026 04:08 AM (IST)

ਕਿਹਾ- ਅਜਿਹੀ ਕਾਰਵਾਈ ਨੂੰ ਰਾਜਨੀਤੀ ਨਾਲ ਜੋੜਕੇ ਨਹੀਂ ਦੇਖਿਆ ਜਾ ਸਕਦਾ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਭਾਜਪਾ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਆਖਿਆ ਕਿ ਪੰਜਾਬ ਅੰਦਰ ਰੀਅਲ ਅਸਟੇਟ ਕਾਰੋਬਾਰ ’ਚ ਸਾਹਮਣੇ ਆ ਰਹੀਆਂ ਬੇਨਿਯਮੀਆਂ ਤੇ ਭ੍ਰਿਸ਼ਟਾਚਾਰ ਸਬੰਧੀ ਜਾਂਚ ਏਜੰਸੀਆਂ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਪੂਰੀ ਨਿਰਪੱਖਤਾ ਤੇ ਪਾਰਦਰਸ਼ਤਾ ਨਾਲ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਤੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਠੋਸ ਸਬੂਤਾਂ ਤੇ ਤੱਥਾਂ ਦੇ ਆਧਾਰ ’ਤੇ ਕਾਰਵਾਈ ਕਰ ਰਹੇ ਹਨ। ਇਨ੍ਹਾਂ ਕਾਰਵਾਈਆਂ ਨੂੰ ਕਿਸੇ ਵੀ ਰਾਜਨੀਤਿਕ ਬਦਲਾਖੋਰੀ ਨਾਲ ਜੋੜਕੇ ਨਹੀਂ ਦੇਖਿਆ ਜਾਣਾ ਚਾਹੀਦਾ। ਪੰਜਾਬ ਵਿੱਚ ਵੀ, ਦੋਵੇਂ ਏਜੰਸੀਆਂ ਪੂਰੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਹੀ ਕਦਮ ਚੁੱਕ ਰਹੀਆਂ ਹਨ। ਐਤਵਾਰ ਨੂੰ ਸੁਨਾਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਨੇ ਸ਼ਹਿਰੀ ਵਿਕਾਸ ਲਈ 2600 ਕਰੋੜ ਜਾਰੀ ਕੀਤੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸ਼ਹਿਰੀ ਵਿਕਾਸ ਰਾਸ਼ਟਰੀ ਤੇ ਰਾਜ ਦੋਵਾਂ ਅਰਥਵਿਵਸਥਾਵਾਂ ਦਾ ਧੁਰਾ ਹੈ। ਸਰਕਾਰ ਦਾ ਮੁੱਖ ਧਿਆਨ ਹੁਣ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਨਵੇਂ ਉਦਯੋਗ ਸਥਾਪਤ ਕਰਨ ਵੱਲ ਹੈ। ਐੱਨਜੀਟੀ ਨੇ ਸੈਨੀਟੇਸ਼ਨ ਪ੍ਰਬੰਧਨ ’ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਉਨ੍ਹਾਂ ਪੰਜਾਬ ਅੰਦਰ ਪ੍ਰਸ਼ਾਸਨਿਕ ਮਸ਼ੀਨਰੀ ਬਾਰੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਨੇ ਸੈਨੀਟੇਸ਼ਨ ਪ੍ਰਬੰਧਨ ’ਚ ਲਾਪ੍ਰਵਾਹੀ ਬਾਰੇ ਸੰਗਰੂਰ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤੇ ਹਨ , ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਭਾਜਪਾ ਨੇ ਆਪ ਦੇ ਗੜ੍ਹ ’ਚ ਲੜਾਈ ਲੜੀ ਆਮ ਆਦਮੀ ਪਾਰਟੀ (ਆਪ) ’ਤੇ ਤਿੱਖੇ ਸ਼ਬਦੀ ਵਾਰ ਕਰਦਿਆਂ ਸੰਸਦ ਮੈਂਬਰ ਸੰਧੂ ਨੇ ਦੱਸਿਆ ਕਿ ਸੁਨਾਮ ਆਪ ਦੇ ਸੂਬਾ ਪ੍ਰਧਾਨ ਦਾ ਨਿੱਜ਼ੀ ਹਲਕਾ ਹੈ ਫਿਰ ਵੀ, ਇੱਥੇ ਭਾਜਪਾ ਦ੍ਰਿੜਤਾ ਨਾਲ ਨਗਰ ਕੌਂਸਲ ਚੋਣਾਂ ਵਿੱਚ ਖੜ੍ਹੀ ਹੈ ਅਤੇ ਸੱਤਾਧਾਰੀ ਪਾਰਟੀ ਦੀ ਕਥਿਤ ਧੱਕੇਸ਼ਾਹੀ ਦਾ ਦਲੇਰੀ ਨਾਲ ਸਾਹਮਣਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ’ਚ ਮੌਜੂਦਾ ਸੱਤਾਧਾਰੀ ਪ੍ਰਬੰਧ ਲੋਕਤੰਤਰੀ ਕਦਰਾਂ-ਕੀਮਤਾਂ ਦਾ ਗਲਾ ਘੁੱਟ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਜ਼ਬਰਦਸਤੀ ਤੇ ਤਾਨਾਸ਼ਾਹੀ ਦੇ ਮਾਮਲੇ ’ਚ ਇਕ ਨਵੇਂ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ। ਪੱਛਮੀ ਬੰਗਾਲ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕ ਹੁਣ ਇਸ ਜ਼ਬਰਦਸਤੀ ਦਾ ਢੁਕਵਾਂ ਜਵਾਬ ਦੇਣਗੇ। ਭਾਜਪਾ ਨੇ ਕੌਂਸਲ ਚੋਣਾਂ ਵਿੱਚ ਪੜ੍ਹੇ-ਲਿਖੇ ਉਮੀਦਵਾਰਾਂ ਨੂੰ ਚੋਣ ਪਿੜ ਵਿਚ ਉਤਾਰਿਆ ਗਿਆ ਹੈ। ਕੌਂਸਲ ਚੋਣਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਜਨਤਾ ਦੀਆਂ ਉਮੀਦਾਂ ਹੁਣ ਸਿਰਫ਼ ਭਾਜਪਾ ’ਤੇ ਟਿਕੀਆਂ ਹਨ। ਇਸ ਵਾਰ, ਪਾਰਟੀ ਨੇ ਮਜ਼ਬੂਤ, ਮਿਹਨਤੀ ਤੇ ਪੜ੍ਹੇ-ਲਿਖੇ ਉਮੀਦਵਾਰ ਖੜ੍ਹੇ ਕੀਤੇ ਹਨ। ਇਸ ਮੌਕੇ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ, ਆਬਜ਼ਰਵਰ ਜੀਵਨ ਗਰਗ, ਹਰਮਨਦੇਵ ਸਿੰਘ ਬਾਜਵਾ, ਮੋਨਿਕਾ ਗੋਇਲ, ਘਨਸ਼ਿਆਮ ਕਾਂਸਲ, ਰਾਂਝਾ ਬਖਸ਼ੀ, ਰਾਜੀਵ ਮੱਖਣ ਹਾਜ਼ਰ ਸਨ।