ਕਾਂਗਰਸ ਦੀਆਂ ਨੀਤੀਆਂ ਦੇ ਪ੍ਰਚਾਰ ਲਈ ਟੀਮਾਂ ਦੀਆਂ ਲਗਾਈਆਂ ਡਿਊਟੀਆਂ
ਨਗਰ ਕੌਂਸਲ ਚੋਣਾਂ ਦੀ ਰਣਨੀਤੀ ਲਈ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਅਹਿਮ ਮੀਟਿੰਗ
Publish Date: Wed, 13 May 2026 05:59 PM (IST)
Updated Date: Wed, 13 May 2026 06:00 PM (IST)

ਗੁਰਪ੍ਰੀਤ ਸਿੰਘ ਮਹਿਕ, ਪੰਜਾਬੀੀ ਜਾਗਰਣ, ਫਤਹਿਗੜ੍ਹ ਸਾਹਿਬ : ਸਰਹਿੰਦ ਨਗਰ ਕੌਂਸਲ ਚੋਣਾਂ ਸਬੰਧੀ ਹਲਕਾ ਫਤਹਿਗੜ੍ਹ ਸਾਹਿਬ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਦੀ ਅਗਵਾਈ ਹੇਠ ਹੋਈ। ਇਸ ਮੌਕੇ ਪੰਜਾਬ ਕਾਂਗਰਸ ਦੇ ਓਬਜ਼ਰਵਰ ਰਿੰਪਲ ਮਿੱਢਾ ਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਨਗਰ ਕੌਂਸਲ ਚੋਣਾਂ ਲਈ ਵਿਸਥਾਰ ਨਾਲ ਰਣਨੀਤੀ ਤਿਆਰ ਕੀਤੀ ਗਈ ਅਤੇ ਚੋਣ ਪ੍ਰਚਾਰ ਨੂੰ ਹੋਰ ਮਜ਼ਬੂਤ ਕਰਨ ਲਈ ਵੱਖ-ਵੱਖ ਟੀਮਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਨੇ ਕਿਹਾ ਕਿ ਕਾਂਗਰਸੀ ਵਰਕਰ ਪੂਰੀ ਤਨਦੇਹੀ ਨਾਲ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕਰਨਗੇ। ਉਨ੍ਹਾਂ ਕਿਹਾ ਕਿ ਹਰ ਵਾਰਡ ’ਚ ਲੋਕਾਂ ਵੱਲੋਂ ਕਾਂਗਰਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਵਰਕਰਾਂ ਦਾ ਉਤਸ਼ਾਹ ਸਪੱਸ਼ਟ ਕਰ ਰਿਹਾ ਹੈ ਕਿ ਨਗਰ ਕੌਂਸਲ ’ਚ ਇਸ ਵਾਰ ਕਾਂਗਰਸ ਦਾ ਝੰਡਾ ਫਿਰ ਤੋਂ ਬੁਲੰਦ ਹੋਵੇਗਾ। ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਲੋਕਾਂ ਤੱਕ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ, ਵਿਕਾਸਮੁਖੀ ਸੋਚ ਤੇ ਪਿਛਲੇ ਸਮੇਂ ਦੌਰਾਨ ਕਰਵਾਏ ਵਿਕਾਸ ਕਾਰਜਾਂ ਦੀ ਜਾਣਕਾਰੀ ਪਹੁੰਚਾਉਣ। ਰਿੰਪਲ ਮਿੱਢਾ ਨੇ ਕਿਹਾ ਕਿ ਪੰਜਾਬ ’ਚ ਕਾਂਗਰਸ ਨੂੰ ਲੈ ਕੇ ਲੋਕਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਆਗੂਆਂ ਨੇ ਕਿਹਾ ਕਿ ਸਰਹਿੰਦ ਸ਼ਹਿਰ ਦੇ ਵਿਕਾਸ, ਬੁਨਿਆਦੀ ਸੁਵਿਧਾਵਾਂ ਅਤੇ ਲੋਕਾਂ ਦੇ ਮੁੱਦਿਆਂ ਨੂੰ ਹਮੇਸ਼ਾ ਕਾਂਗਰਸ ਨੇ ਪਹਿਲ ਦਿੱਤੀ ਹੈ। ਮੀਟਿੰਗ ਦੌਰਾਨ ਆਗੂਆਂ ਨੇ ਵਰਕਰਾਂ ਨੂੰ ਅਨੁਸ਼ਾਸਨ ਤੇ ਇਕਜੁੱਟਤਾ ਨਾਲ ਚੋਣ ਪ੍ਰਚਾਰ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵੱਖ-ਵੱਖ ਫਰੰਟਲ ਸੰਗਠਨਾਂ, ਸੇਵਾ ਦਲ, ਮਹਿਲਾ ਕਾਂਗਰਸ, ਯੂਥ ਕਾਂਗਰਸ, ਕਿਸਾਨ ਸੈੱਲ, ਐਸਸੀ ਸੈੱਲ, ਬੀਸੀ ਸੈੱਲ, ਬਲਾਕ ਕਾਂਗਰਸ ਦੇ ਅਹੁਦੇਦਾਰ ਅਤੇ ਸਾਬਕਾ ਕੌਂਸਲਰ ਵੱਡੀ ਗਿਣਤੀ ’ਚ ਮੌਜੂਦ ਸਨ।