ਮਾਤਾ ਗੁਜਰੀ ਕਾਲਜ ’ਚ ਦਾਖਲਿਆਂ ਲਈ ਭਾਰੀ ਉਤਸ਼ਾਹ
ਮਾਤਾ ਗੁਜਰੀ ਕਾਲਜ ਵਿਖੇ ਦਾਖਲਿਆਂ ਲਈ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ
Publish Date: Thu, 14 May 2026 06:55 PM (IST)
Updated Date: Fri, 15 May 2026 04:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੀ ਉੱਤਰੀ ਭਾਰਤ ਦੀ ਸਿਰਮੌਰ ਸਿੱਖਿਆ ਸੰਸਥਾ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਵਿਖੇ ਵਿੱਦਿਅਕ ਵਰ੍ਹੇ 2026-27 ਵਿਚ ਦਾਖਲਿਆਂ ਨੂੰ ਲੈ ਕੇ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਸੰਧੂ ਨੇ ਇਸ ਸੈਸ਼ਨ ਦੀ ਸ਼ੁਰੂਆਤ ਵਿਚ ਵਿਦਿਆਰਥੀਆਂ ਵਿਚ ਕਾਲਜ ਵਿਚ ਰਜਿਸਟ੍ਰੇਸ਼ਨ ਕਰਵਾਉਣ ਲਈ ਭਾਰੀ ਉਤਸ਼ਾਹ ’ਤੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਜੋ ਕਾਲਜ ਦੀ ਗਵਰਨਿੰਗ ਬਾਡੀ ਦੇ ਪ੍ਰਧਾਨ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਸਕੱਤਰ ਵਿੱਦਿਆ ਇੰਜੀਨੀਅਰ ਸੁਖਮਿੰਦਰ ਸਿੰਘ ਜੀ ਦੀ ਸੁਯੋਗ ਅਗਵਾਈ ਅਤੇ ਸਹਿਯੋਗ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਡਾ. ਸੰਧੂ ਨੇ ਦੱਸਿਆ ਕਿ ਮਾਤਾ ਗੁਜਰੀ ਕਾਲਜ ਦਾ ਸਮੁੱਚਾ ਪ੍ਰਬੰਧਨ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਇਸ ਅਦਾਰੇ ਵੱਲੋਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਅਤੇ ਖੇਡਾਂ ਦੇ ਖੇਤਰ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਕੇ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਕਾਲਜ ਦੇ ਐਡਮਿਸ਼ਨ ਕੋਆਰਡੀਨੇਟਰ ਡਾ. ਹਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਵੱਲੋਂ ਕਿਤਾਬੀ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦੀਆਂ ਸਹਿ-ਵਿੱਦਿਅਕ ਗਤੀਵਿਧੀਆਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕਾਲਜ ਵਿਖੇ ਚੱਲ ਰਹੇ ਕੋਰਸ ਨਵੀਂ ਸਿੱਖਿਆ ਨੀਤੀ 2020 ਅਨੁਸਾਰ ਨਿਰਧਾਰਿਤ ਕੀਤੇ ਗਏ ਹਨ ਜੋ ਸਿੱਖਿਆ ਪ੍ਰਬੰਧ ਨੂੰ ਸਮੇਂ ਦੇ ਹਾਣ ਦਾ ਬਣਾਉਣ, ਵਿਦਿਆਰਥੀਆਂ ਨੂੰ ਵਿਵਹਾਰਕ ਸਿੱਖਿਆ ਪ੍ਰਦਾਨ ਕਰਨ ਅਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਵਿਚ ਅਹਿਮ ਯੋਗਦਾਨ ਪਾ ਰਹੇ ਹਨ। ਇੱਥੇ ਇਹ ਵਰਣਨਯੋਗ ਹੈ ਕਿ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਲਈ ਕਾਲਜ ਵਿਚ ਆਧੁਨਿਕ ਕੰਪਿਊਟਰਾਂ ਨਾਲ ਲੈਸ ਲੈਬਾਂ, ਉੱਚ ਕੋਟੀ ਦੀਆਂ ਖੇਡ ਸਹੂਲਤਾਂ ਪ੍ਰਦਾਨ ਕਰਨ ਲਈ ਖੇਡ ਸਟੇਡੀਅਮ, ਲੜਕੀਆਂ ਅਤੇ ਲੜਕਿਆਂ ਦੇ ਵੱਖੋ-ਵੱਖਰੇ ਹੋਸਟਲ ਅਤੇ ਪਲੇਸਮੈਂਟ ਸੈੱਲ ਵੀ ਮੌਜੂਦ ਹਨ। ਕਾਲਜ ਵਿਚ ਐੱਨਸੀਸੀ , ਐੱਨਐੱਸਐੱਸ ਅਤੇ ਰੈੱਡ ਕਰਾਸ ਦੇ ਯੂਨਿਟ ਵੀ ਕਾਰਜਸ਼ੀਲ ਹਨ। ਮੈਰਿਟ ਵਿਚ ਆਉਣ ਵਾਲੇ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਵੱਖ-ਵੱਖ ਸਕਾਲਰਸ਼ਿਪਾਂ ਵੀ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਸੱਭਿਆਚਾਰਕ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਨਿਰੰਤਰ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਮੌਕੇ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਪ੍ਰੋ. ਰਸ਼ਮੀ ਅਰੋੜਾ, ਡੀਨ ਅਕਾਦਮਿਕ ਡਾ. ਕਮਲਪ੍ਰੀਤ ਕੌਰ, ਡਿਪਟੀ ਕੋਆਰਡੀਨੇਟਰ ਡਾ. ਤਜਿੰਦਰ ਸਿੰਘ, ਡਾ. ਗੁਰਬਾਜ ਸਿੰਘ, ਡਾ. ਅਵਨੀਤ ਕੌਰ ਅਤੇ ਹੋਰ ਸਟਾਫ਼ ਮੈਂਬਰ ਵੀ ਮੌਜੂਦ ਸਨ।