ਬੱਚੀਆਂ ਨੂੰ ਐੱਚਪੀਵੀ ਦਾ ਟੀਕਾ ਲਵਾਉਣਾ ਬੇਹੱਦ ਜ਼ਰੂਰੀ : ਡਾ. ਜੇਤਲੀ
ਐਚ. ਪੀ.ਵੀ. ਦਾ ਟੀਕਾ ਲਵਾ ਕੇ ਸਰਵਾਈਕਲ ਕੈਂਸਰ ਤੋਂ ਆਪਣੀਆਂ ਬੱਚੀਆਂ ਨੂੰ ਬਚਾਓ : ਡਾ.ਸ਼ੈਲੀ ਜੇਤਲੀ
Publish Date: Mon, 25 May 2026 04:39 PM (IST)
Updated Date: Mon, 25 May 2026 04:40 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਵਿਚ ਧੀਆਂ ਦੀ ਸਿਹਤ ਸੁਰੱਖਿਆ ਵੱਲ ਇਕ ਇਤਿਹਾਸਕ ਤੇ ਦੂਰਅੰਦੇਸ਼ ਕਦਮ ਚੁੱਕਦਿਆਂ ਸਿਹਤ ਵਿਭਾਗ ਪਟਿਆਲਾ ਵੱਲੋਂ ਸਰਵਾਈਕਲ ਕੈਂਸਰ ਵਿਰੁੱਧ ਜ਼ਿਲ੍ਹਾ ਪੱਧਰੀ ਐੱਚਪੀਵੀ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਇਹ ਟੀਕਾ ਪਟਿਆਲਾ ਜ਼ਿਲ੍ਹੇ ਦੀਆਂ 30 ਸਿਹਤ ਸੰਸਥਾਵਾਂ ਉੱਤੇ ਲਾਇਆ ਜਾ ਰਿਹਾ ਹੈ। ਹੁਣ ਤੱਕ ਪਟਿਆਲਾ ਜ਼ਿਲ੍ਹੇ ਦੇ 523 ਬੱਚੀਆਂ ਦੀ ਵੈਕਸੀਨੇਸ਼ਨ ਹੋ ਚੁੱਕੀ ਹੈ। ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆ ਸਿਵਲ ਸਰਜਨ ਪਟਿਆਲਾ ਡਾ.ਸ਼ੈਲੀ ਜੇਤਲੀ ਨੇ ਕਿਹਾ ਕਿ ਪੰਜਾਬ ਸਰਕਾਰ ਸਿਹਤਮੰਦ ਅਤੇ ਸੁਰੱਖਿਅਤ ਪੰਜਾਬ ਦੇ ਨਿਰਮਾਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਸਰਵਾਈਕਲ ਕੈਂਸਰ ਮਹਿਲਾਵਾਂ ਵਿੱਚ ਪਾਏ ਜਾਣ ਵਾਲੇ ਗੰਭੀਰ ਕੈਂਸਰਾਂ ’ਚੋਂ ਇੱਕ ਹੈ, ਜੋ ਬੱਚੇਦਾਨੀ ਦੇ ਹੇਠਲੇ ਹਿੱਸੇ ਵਿਚ ਹੁੰਦਾ ਹੈ ਅਤੇ ਇਸਦਾ ਮੁੱਖ ਕਾਰਨ ਹਿਊਮਨ ਪੈਪੀਲੋਮਾ ਵਾਇਰਸ (ਐੱਚ ਪੀ ਵੀ) ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਲਗਾਇਆ ਗਿਆ ਟੀਕਾ ਇਸ ਬਿਮਾਰੀ ਤੋਂ ਬਚਾਅ ਵਿਚ ਬਹੁਤ ਪ੍ਰਭਾਵਸ਼ਾਲੀ ਸਾਬਤ ਹੁੰਦਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਦਾ ਐੱਚਪੀਵੀ ਟੀਕਾਕਰਨ ਜ਼ਰੂਰ ਕਰਵਾਉਣ ਤਾਂ ਜੋ ਭਵਿੱਖ ਵਿਚ ਉਹ ਇਸ ਜਾਨਲੇਵਾ ਰੋਗ ਤੋਂ ਸੁਰੱਖਿਅਤ ਰਹਿ ਸਕਣ। ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਧੀਆਂ ਸੁਰੱਖਿਅਤ ਹੋਣਗੀਆਂ ਤਾਂ ਹੀ ਆਉਣ ਵਾਲੀਆਂ ਪੀੜ੍ਹੀਆਂ ਸੁਰੱਖਿਅਤ ਹੋਣਗੀਆਂ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵੈਕਸੀਨ ਉਹਨਾਂ ਲੜਕੀਆਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਦਾ 14ਵਾਂ ਜਨਮਦਿਨ ਲੰਘ ਚੁੱਕਾ ਹੈ ਅਤੇ 15 ਸਾਲ 3 ਮਹੀਨੇ ਤੋਂ ਉਮਰ ਘੱਟ ਹੈ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਕੁਸ਼ਲਦੀਪ ਗਿੱਲ ਨੇ ਦੱਸਿਆ ਕਿ ਸਿਹਤ ਵਿਭਾਗ ਦਾ ਸਟਾਫ ਆਪਣੀਆ ਬੱਚੀਆਂ ਦਾ ਮੋਹਰੀ ਹੋ ਕੇ ਟੀਕਾਕਰਨ ਕਰਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਾਗਰੂਕ ਮਾਪਿਆਂ ਵੱਲੋਂ ਵੀ ਵਧ ਚੜ੍ਹ ਕੇ ਇਸ ਟੀਕਾਕਰਨ ਮੁਹਿੰਮ ’ਚ ਹਿੱਸਾ ਲਿਆ ਜਾ ਰਿਹਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਅਫਵਾਹ ਜਾਂ ਡਰ ਦੇ ਪ੍ਰਭਾਵ ਹੇਠ ਨਾ ਆਉਣ, ਆਪਣੀਆਂ ਬੱਚੀਆਂ ਨੂੰ ਸਮੇਂ ਸਿਰ ਇਹ ਟੀਕਾ ਲਗਾਵਾਉਣ। ਉਨ੍ਹਾਂ ਦੱਸਿਆ ਕਿ ਟੀਕਾਕਰਨ ਤੋਂ ਪਹਿਲਾਂ ਯੂਵਿਨ ਪੋਰਟਲ ’ਤੇ ਰਜਿਸਟ੍ਰੇਸ਼ਨ ਲਾਜ਼ਮੀ ਹੈ, ਜਿਸ ਰਾਹੀਂ ਪੂਰੀ ਪ੍ਰਕਿਰਿਆ ਨੂੰ ਡਿਜੀਟਲ ਅਤੇ ਪਾਰਦਰਸ਼ੀ ਬਣਾਇਆ ਗਿਆ ਹੈ।