ਸਰਪੰਚ ’ਤੇ ਲਾਏ ਗ੍ਰਾਂਟ ’ਚੋਂ ਪੈਸੇ ਲੈਣ ਦੇ ਦੋਸ਼, ਝਗੜੇ ’ਚ 3 ਜ਼ਖ਼ਮੀ
ਆਵਾਸ ਯੋਜਨਾ ਦੀ ਗ੍ਰਾਂਟ ਨੇ ਪਿੰਡ ਧੜਿਆਂ ’ਚ ਵੰਡਿਆ
Publish Date: Tue, 28 Apr 2026 05:06 PM (IST)
Updated Date: Wed, 29 Apr 2026 04:05 AM (IST)

ਆਵਾਸ ਯੋਜਨਾ ਦੀ ਗ੍ਰਾਂਟ ਨੇ ਪਿੰਡ ਧੜਿਆਂ ’ਚ ਵੰਡਿਆ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਨੇੜਲੇ ਪਿੰਡ ਗੁਰਨੇ ਖੁਰਦ ਵਿਖੇ ਸਰਕਾਰੀ ਆਵਾਸ ਯੋਜਨਾ ਤਹਿਤ ਮਿਲੀ ਗਰਾਂਟ ਨੂੰ ਲੈ ਕੇ ਉਦੋਂ ਵਿਵਾਦ ਖੜ੍ਹਾ ਹੋ ਗਿਆ, ਜਦੋਂ ਇਸ ਗ੍ਰਾਂਟ ਕਾਰਨ ਪਿੰਡ ਦੋ ਧੜਿਆਂ ਵਿੱਚ ਵੰਡਿਆ ਗਿਆ ਹੈ। ਜਾਣਕਾਰੀ ਅਨੁਸਾਰ ਇਕ ਮਕਾਨ ਮਾਲਕ ਨੂੰ ਇਸ ਯੋਜਨਾ ਤਹਿਤ 1.20 ਲੱਖ ਰੁਪਏ ਮਨਜ਼ੂਰ ਹੋਏ ਸਨ। ਜਿਸ ਵਿੱਚੋਂ ਪਹਿਲੀ ਕਿਸ਼ਤ 70 ਹਜ਼ਾਰ ਰੁਪਏ ਜਾਰੀ ਹੋਣ ਉਪਰੰਤ ਮਕਾਨ ਦੀ ਛੱਤ ਤੱਕ ਉਸਾਰੀ ਵੀ ਕਰ ਲਈ ਗਈ। ਇਸ ਦੌਰਾਨ ਲਾਭਪਾਤਰੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਪਿੰਡ ਦੇ ਸਰਪੰਚ ਮੱਖਣ ਸਿੰਘ ਉੱਤੇ ਦੋਸ਼ ਲਾਇਆ ਕਿ ਉਸ ਨੇ ਪਹਿਲੀ ਕਿਸ਼ਤ ਵਿਚੋਂ 20 ਹਜ਼ਾਰ ਰੁਪਏ ਅਫ਼ਸਰਸ਼ਾਹੀ ਨੂੰ ਰਿਸ਼ਵਤ ਦੇਣ ਦੇ ਨਾਂ ’ਤੇ ਰੱਖ ਲਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇ ਅਫ਼ਸਰਾਂ ਨੂੰ ਪੈਸੇ ਨਾ ਦਿੱਤੇ ਗਏ ਤਾਂ ਬਾਕੀ ਰਹਿੰਦੀ 50 ਹਜ਼ਾਰ ਰੁਪਏ ਦੀ ਕਿਸ਼ਤ ਰੁਕ ਸਕਦੀ ਹੈ। ਦੂਜੇ ਪਾਸੇ ਸਰਪੰਚ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਨਾ ਕਿਸੇ ਅਧਿਕਾਰੀ ਨੇ ਪੈਸੇ ਮੰਗੇ ਹਨ ਤੇ ਨਾ ਹੀ ਉਸ ਨੇ ਕਿਸੇ ਨੂੰ ਰਿਸ਼ਵਤ ਦੇਣ ਲਈ ਰਕਮ ਲਈ ਹੈ। ਸਰਪੰਚ ਮੁਤਾਬਕ ਇਹ ਪੈਸਾ ਉਸ ਦੁਕਾਨਦਾਰ ਨੂੰ ਦੇਣ ਲਈ ਲਿਆ ਗਿਆ ਹੈ, ਜਿਸ ਤੋਂ ਮਕਾਨ ਬਣਾਉਣ ਲਈ ਅਡਵਾਂਸ ਵਿਚ ਮਟੀਰੀਅਲ ਆਪਣੀ ਜ਼ਿੰਮੇਵਾਰੀ ਉੱਤੇ ਦਿਵਾਇਆ ਸੀ ਤੇ ਬਾਕੀ ਰਕਮ ਅਗਲੀ ਕਿਸ਼ਤ ਵਿਚੋਂ ਅਦਾ ਕੀਤੀ ਜਾਣੀ ਸੀ। ਲਾਭਪਾਤਰੀ ਧਿਰ ਵੱਲੋਂ ਸਰਪੰਚ ਮੱਖਣ ਸਿੰਘ ਖ਼ਿਲਾਫ਼ ਇੱਕ ਦਰਖਾਸਤ ਦਿੱਤੀ ਗਈ ਸੀ, ਜਿਸਦੀ ਸੁਣਵਾਈ ਲਈ ਐੱਸਡੀਐੱਮ ਰਾਕੇਸ਼ ਪ੍ਰਕਾਸ਼ ਵੱਲੋਂ ਦੋਨਾਂ ਧਿਰਾਂ ਨੂੰ ਦਫ਼ਤਰ ਬੁਲਾਇਆ ਤੇ ਉਨ੍ਹਾਂ ਦੇ ਬਿਆਨ ਲਿਖੇ ਗਏ। ਜਦੋਂ ਦੋਨੋਂ ਧਿਰਾਂ ਦਫ਼ਤਰ ਤੋਂ ਬਾਹਰ ਆਈਆਂ ਤਾਂ ਆਪਸੀ ਤਕਰਾਰ ਹੋ ਗਿਆ ਤੇ ਗੱਲ ਵਧਣ ’ਤੇ ਝਗੜਾ ਹੋ ਗਿਆ, ਜਿਸ ਵਿੱਚ ਕਰਮਜੀਤ ਕੌਰ ਤੇ ਸੁਖਪਾਲ ਕੌਰ ਸਮੇਤ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਹੁਣ ਪ੍ਰਸ਼ਾਸਨ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਦੋਸ਼ੀ ਪਾਏ ਗਏ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।