ਤਾਲਿਆਂ ’ਚ ਕੈਂਦ ਪਟਿਆਲਾ ਦੀ ਵਿਰਾਸਤ ਦਾ ਮਾਮਲਾ ਹਾਈਕੋਰਟ ਪੁੱਜਿਆ

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਸ਼ਾਹੀ ਸ਼ਹਿਰ ਦੀ ਅਸਲ ਵਿਰਾਸਤ ਤਾਲਿਆਂ ਵਿਚ ਕੈਣ ਹੋਣ ਦਾ ਮਾਮਲਾ ਹਾਈਕੋਰਟ ਤੱਕ ਪੁੱਜ ਗਿਆ ਹੈ। ਪਟਿਆਲਾ ਦੀ ਇਤਿਹਾਸਕ ਵਿਰਾਸਤ ਸ਼ੀਸ਼ ਮਹਿਲ ਦੀ ਬਦਹਾਲੀ ਅਤੇ ਇਸ ਦੀ ਮੁਰੰਮਤ ਦੇ ਕੰਮ ਵਿਚ ਹੋ ਰਹੀ ਦੇਰੀ ਨੂੰ ਲੈ ਕੇ ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਹਾਈ ਕੋਰਟ ਦੀ ਐਡਵੋਕੇਟ ਤੇ ਪਟੀਸ਼ਨਰ-ਇਨ-ਪਰਸਨ ਸੁਨੈਨਾ ਥੰਮਨ ਤੇ ਨਿਖਿਲ ਥੰਮਨ ਨੇ ਪੰਜਾਬ ਦੇ ਮੁੱਖ ਸਕੱਤਰ ਸਮੇਤ ਸਬੰਧਤ ਵਿਭਾਗਾਂ ਨੂੰ ਇਕ ਕਾਨੂੰਨੀ ਨੋਟਿਸ ਭੇਜ ਕੇ 15 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ। ਐਡਵੋਕੇਟ ਸੁਨੈਨਾ ਵੱਲੋਂ ਹਾਈਕੋਰਟ ਵਿਚ ਸ਼ੀਸ਼ ਮਹਿਲ ਦੀ ਸਾਂਭ-ਸੰਭਾਲ ਲਈ ਇਕ ਜਨਹਿਤ ਪਟੀਸ਼ਨ 2023 ਵਿਚ ਦਾਇਰ ਕੀਤੀ ਗਈ ਸੀ। ਇਸ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਅਦਾਲਤ ਨੇ 12 ਫਰਵਰੀ 2024 ਨੂੰ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਅਤੇ ਜਲਦੀ ਹੀ ਇਸ ਨੂੰ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ। ਸਰਕਾਰ ਦਾ ਇਹ ਬਿਆਨ ਅਦਾਲਤ ਵਿਚ ਦਰਜ ਵੀ ਹੋਇਆ। ਐਡਵੋਕੇਟ ਸੁਨੈਨਾ ਨੇ ਨੋਟਿਸ ਰਾਹੀਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਅਦਾਲਤ ਵਿਚ ਕੀਤੇ ਗਏ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ। ਸਰਕਾਰ ਨੇ ਹਲਫ਼ਨਾਮੇ ਵਿਚ ਜੋ ਸਮਾਂ ਸੀਮਾ ਦਿੱਤੀ ਸੀ, ਉਹ ਲੰਘ ਚੁੱਕੀ ਹੈ ਪਰ ਕੰਮ ਅਜੇ ਵੀ ਅਧੂਰਾ ਹੈ। ਐਡਵੋਕੇਟ ਨੇ ਕਿਹਾ ਕਿ ਮੌਕੇ ਦੇ ਹਾਲਾਤ ਦੱਸਦੇ ਹਨ ਕਿ ਸ਼ੀਸ਼ ਮਹਿਲ ਅਜੇ ਵੀ ਅਣਗਹਿਲੀ, ਸੁਰੱਖਿਆ ਦੀ ਘਾਟ ਅਤੇ ਭੰਨ-ਤੋੜ ਦੇ ਖ਼ਤਰੇ ਹੇਠ ਹੈ ਅਤੇ ਸਰਕਾਰ ਵੱਲੋਂ ਕੰਮ ਦੀ ਪ੍ਰਗਤੀ ਬਾਰੇ ਕੋਈ ਵੀ ਜਨਤਕ ਰਿਪੋਰਟ ਸਾਂਝੀ ਨਹੀਂ ਕੀਤੀ ਗਈ।
ਐਡਵੋਕੇਟ ਸੁਨੈਨਾ ਨੇ ਨੋਟਿਸ ਵਿਚ ਸਪੱਸ਼ਟ ਕੀਤਾ ਹੈ ਕਿ ਜੇਕਰ ਸਰਕਾਰ ਅਗਲੇ 15 ਦਿਨਾਂ ਦੇ ਅੰਦਰ ਅਦਾਲਤ ਵਿਚ ਦਿੱਤੇ ਗਏ ਭਰੋਸੇ ਮੁਤਾਬਕ ਕਾਰਵਾਈ ਨਹੀਂ ਕਰਦੀ, ਤਾਂ ਉਹ ਹਾਈ ਕੋਰਟ ਵਿਚ ਪੀਆਈਐੱਲ ਨੂੰ ਦੁਬਾਰਾ ਬਹਾਲ ਕਰਨ ਲਈ ਅਰਜ਼ੀ ਦਾਇਰ ਕਰਨਗੇ। ਇਸ ਤੋਂ ਇਲਾਵਾ ਅਦਾਲਤੀ ਹੁਕਮਾਂ ਦੀ ਉਲੰਘਣਾ ਲਈ 'ਮਾਣਹਾਨੀ' ਦੀ ਕਾਰਵਾਈ ਵੀ ਸ਼ੁਰੂ ਕੀਤੀ ਜਾ ਸਕਦੀ ਹੈ। ਐਡਵੋਕੇਟ ਵਲੋਂ ਇਹ ਨੋਟਿਸ ਮੁੱਖ ਸਕੱਤਰ ਪੰਜਾਬ, ਸੱਭਿਆਚਾਰਕ ਮਾਮਲੇ ਤੇ ਪੁਰਾਤੱਤਵ ਵਿਭਾਗ ਦੇ ਪ੍ਰਮੁੱਖ ਸਕੱਤਰ, ਡਾਇਰੈਕਟਰ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਭੇਜਿਆ ਗਿਆ ਹੈ।
--ਪੰਜਾਬੀ ਜਾਗਰਣ ਨੇ ਉਜਾਗਰ ਕੀਤਾ ਸੀ ਮਸਲਾ
ਦੱਸਣਾ ਬਣਦਾ ਹੈ ਕਿ ਸ਼ਾਹੀ ਸ਼ਹਿਰ ਦੇ ਕਿਲ੍ਹਾ ਮੁਬਾਰਕ ਤੇ ਸ਼ੀਸ਼ ਮਹਿਲ ਦੀ ਇਮਾਰਤਾਂ ਅਤੇ ਇਸਦੇ ਅੰਦਰ ਮੌਜੂਦ ਬੇਮਿਸਾਲ ਵਿਰਾਸਤ ਬਾਰੇ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਸੀ। ਸਾਲ 2023 ਵਿਚ ਵੀ ‘ਪੰਜਾਬੀ ਜਾਗਰਣ’ ਨੇ ਦੋਵੇਂ ਵਿਰਾਸਤੀ ਇਮਾਰਤਾਂ ਦਾ ਮਸਲਾ ਉਜਾਗਰ ਕੀਤਾ ਸੀ। ਜਿਸ ਤੋਂ ਬਾਅਦ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਮਸਲੇ ਦੇ ਅਦਾਲਤ ਵਲੋਂ ਸਰਕਾਰ ਨੂੰ ਨਿਰਦੇਸ਼ ਦਿੱਤੇ ਸਨ। ਸਾਲ 2026 ਤੱਕ ਵਿਚ ਨਾ ਤਾਂ ਸ਼ੀਸ਼ ਮਹਿਲ ਤੇ ਕਿਲਾ ਮੁਬਾਰਕ ਦੇ ਅੰਦਰੂਨ ਹਿੱਸੇ ਜਨਤਾ ਲਈ ਖੋਲੇ ਗਏ ਅਤੇ ਨਾ ਹੀ ਤਾਲਿਆਂ ਵਿਚ ਬੰਦ ਪਏ ਵਿਰਾਸਤੀ ਮੈਡਲ, ਸ਼ਾਹੀ ਬੱਗੀ, ਝੂਮਰ, ਹਥਿਆਰ ਤੇ ਹੋਰ ਵਸਤਾਂ ਲੋਕਾਂ ਦੇ ਦੇਖਣ ਲਈ ਕਿਤੇ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ।