ਸਫ਼ਾਈ ਕਾਮਿਆਂ ਦੀ ਹੜਤਾਲ ਕਾਰਨ ਸੁਨਾਮ ’ਚ ਨਰਕ ਵਰਗੀ ਸਥਿਤੀ
ਸਫ਼ਾਈ ਕਾਮਿਆਂ ਦੀ ਹੜਤਾਲ ਕਾਰਨ ਸੁਨਾਮ ’ਚ ਨਰਕ ਵਰਗੀ ਸਥਿਤੀ
Publish Date: Mon, 18 May 2026 05:11 PM (IST)
Updated Date: Tue, 19 May 2026 04:04 AM (IST)

ਪੀਰਾਂ ਵਾਲਾ ਗੇਟ ਵਿਖੇ ਸੜਕਾਂ ’ਤੇ ਭਰਿਆ ਗੰਦਾ ਪਾਣੀ ਸਕੂਲੀ ਵਿਦਿਆਰਥੀਆਂ ਨੂੰ ਕਰਨਾ ਪੈ ਰਿਹਾ ਮੁਸ਼ਕਲਾਂ ਦਾ ਸਾਹਮਣਾ ਬਦਬੂ ਕਾਰਨ ਮਹਾਂਮਾਰੀ ਫ਼ੈਲਣ ਦਾ ਡਰ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਸਫ਼ਾਈ ਕਾਮਿਆਂ ਦੀ ਹੜਤਾਲ ਕਾਰਨ ਸੁਨਾਮ ਸ਼ਹਿਰ ਦਾ ਦਿਲ ਮੰਨੇ ਜਾਂਦੇ ਪੀਰਾਂ ਵਾਲਾ ਚੌਕ ਵਿਖੇ ਸੀਵਰੇਜ਼ ਦਾ ਗੰਦਾ ਪਾਣੀ ਸੜਕਾਂ ’ਤੇ ਖੜ੍ਹ ਗਿਆ ਹੈ। ਸੀਵਰੇਜ਼ ਸਿਸਟਮ ਜਾਮ ਹੋਣ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਬਸਰ ਕਰਨ ਲਈ ਮਜ਼ਬੂਰ ਹੋ ਰਹੇ ਹਨ। ਬਦਬੂ ਕਾਰਨ ਸ਼ਹਿਰ ਅੰਦਰ ਮਹਾਂਮਾਰੀ ਫ਼ੈਲਣ ਦਾ ਡਰ ਬਣਿਆ ਹੋਇਆ ਹੈ। ਸਕੂਲੀ ਕੁੜੀਆਂ ਗੰਦੇ ਪਾਣੀ ’ਚੋਂ ਲੰਘਣ ਲਈ ਮਜਬੂਰ ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ਦੇ ਐਨ ਵਿਚਕਾਰ ਕੁੜੀਆਂ ਦਾ ਸਕੂਲ ਹੋਣ ਕਾਰਨ ਸਕੂਲੀ ਵਿਦਿਆਰਥਣਾਂ ਨੂੰ ਸੀਵਰੇਜ ਦੇ ਗੰਦੇ ਪਾਣੀ ਵਿੱਚੋਂ ਲੰਘਣ ਲਈ ਮਜਬੂਰ ਹੋ ਰਹੀਆਂ ਹਨ। ਸੀਵਰੇਜ਼ ਦੇ ਗੰਦੇ ਪਾਣੀ ਵਿੱਚੋਂ ਲੰਘਣ ਲਈ ਮਜਬੂਰ ਹੋ ਰਹੀਆਂ ਕੁੜੀਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਜਿੱਥੇ ਇੱਕ ਪਾਸੇ ਸਰਕਾਰ ਕੁੜੀਆਂ ਦੀ ਸਿੱਖਿਆ ਤੇ ਸੁਰੱਖਿਆ ਬਾਰੇ ਵੱਡੇ-ਵੱਡੇ ਦਾਅਵੇ ਕਰਦੀ ਹੈ, ਉੱਥੇ ਦੂਜੇ ਪਾਸੇ, ਇਹੀ ਵਿਦਿਆਰਥਣਾਂ ਹਰ ਰੋਜ਼ ਅਜਿਹੀਆਂ ਸਥਿਤੀਆਂ ’ਚ ਸਕੂਲ ਜਾਣ ਲਈ ਮਜਬੂਰ ਹਨ। ਇਸ ਨਾਲ ਉਨ੍ਹਾਂ ਦੀ ਸਿਹਤ ਤੇ ਸੁਰੱਖਿਆ ਦੋਵਾਂ ਨੂੰ ਗੰਭੀਰ ਖ਼ਤਰਾ ਹੈ। ਸਫਾਈ ਕਰਮਚਾਰੀ ਹੜਤਾਲ ਦੀ ਸੂਬਾ ਪੱਧਰੀ ਹੜਤਾਲ ਕਾਰਨ ਸ਼ਹਿਰ ਦੀ ਮੌਜੂਦਾ ਸਥਿਤੀ ਗੰਦਗੀ ਦੇ ਢੇਰਾਂ ’ਚ ਤਬਦੀਲ ਹੋ ਚੁੱਕੀ ਹੈ। ਸਫ਼ਾਈ ਕਾਮੇ ਆਪਣੀਆਂ ਜਾਇਜ਼ ਮੰਗਾਂ ਲਈ ਪਿਛਲੇ ਬਾਰਾਂ ਦਿਨਾਂ ਤੋਂ ਸੰਘਰਸ਼ ਕਰ ਰਹੇ ਹਨ। ਸਫ਼ਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਮਨ ਸਿੱਖਣ ਅਤੇ ਚੇਅਰਮੈਨ ਦੁਲੀਆ ਰਾਮ ਨੇ ਆਖਿਆ ਕਿ ਸੂਬੇ ਦੀ ਸਰਕਾਰ ਸਫ਼ਾਈ ਸੇਵਕਾਂ ਦੀਆਂ ਮੰਗਾਂ ਮੰਨਣ ਤੋਂ ਇਨਕਾਰੀ ਹੋ ਰਹੀ ਹੈ। ਇਸਦਾ ਖਮਿਆਜ਼ਾ ਆਉਣ ਵਾਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਭੁਗਤਣਾ ਪਵੇਗਾ।