‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਮਹਿਲਾ ਦਾ ਕਰਵਾਇਆ ਇਲਾਜ
‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਮਹਿਲਾ ਦਾ ਕਰਵਾਇਆ ਇਲਾਜ
Publish Date: Sun, 10 May 2026 04:43 PM (IST)
Updated Date: Sun, 10 May 2026 04:45 PM (IST)

ਸਟਾਫ ਰਿਪੋਰਟਰ, •ਪੰਜਾਬੀ ਜਾਗਰਣ•, ਪਟਿਆਲਾ : ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ 10 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਲਈ ਸ਼ੁਰੂ ਕੀਤੀ ਮੁੱਖ ਮੰਤਰੀ ਸਿਹਤ ਯੋਜਨਾ ਪਟਿਆਲਾ ਦੀ ਰਹਿਣ ਵਾਲੀ 46 ਸਾਲਾ ਸੁਨੀਤਾ ਰਾਣੀ ਦਾ ਵੱਡਾ ਸਹਾਰਾ ਬਣੀ ਹੈ। ਵਿੱਤੀ ਕਮਜੋਰੀ ਕਾਰਨ ਇਲਾਜ ਖੁਣੋਂ ਮੁਹਤਾਜ ਸੁਨੀਤਾ ਰਾਣੀ ਦਰਦ ਸਹਿ ਕੇ ਡੰਗ ਟਪਾਈ ਕਰਦੀ ਰਹੀ ਪਰ ਜਦੋਂ ਬਿਮਾਰੀ ਕਾਰਨ ਦਰਜ ਜਿਆਦਾ ਵਧ ਗਿਆ ਤਾਂ ਆਖਿਰਕਾਰ ਉਨ੍ਹਾਂ ਨੂੰ ਡਾਕਟਰ ਕੋਲ ਜਾਣਾ ਪਿਆ। ਇਸ ਦੌਰਾਨ ਉਨ੍ਹਾਂ ਨੂੰ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਮਿਲ ਰਹੀਆਂ ਸਹੂਲਤਾਂ ਬਾਰੇ ਪਤਾ ਲੱਗਾ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਰਿਵਾਰ ਸਮੇਤ ਰਜਿਸਟ੍ਰੇਸ਼ਨ ਕਰਵਾਉਣ ਦਾ ਫੈਸਲਾ ਕੀਤਾ। ਇਲਾਜ ਲਈ ਉਨ੍ਹਾਂ ਨੂੰ ਮਾਤਾ ਕੌਸ਼ੱਲਿਆ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਵਿਸਥਾਰਪੂਰਵਕ ਜਾਂਚ ਤੋਂ ਬਾਅਦ ਪਤਾ ਲਗਾਇਆ ਕਿ ਉਨ੍ਹਾਂ ਦੇ ਯੂਰੇਟਰ ਵਿੱਚ ਕਿਡਨੀ ਸਟੋਨ ਫਸਿਆ ਹੋਇਆ ਹੈ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਸ਼ੂਗਰ ਅਤੇ ਗੰਭੀਰ ਸੋਜ ਦਾ ਇਲਾਜ ਕੀਤੇ ਬਿਨਾਂ ਸਰਜਰੀ ਕਰਨਾ ਸੁਰੱਖਿਅਤ ਨਹੀਂ ਹੋਵੇਗਾ। ਆਪਣਾ ਅਨੁਭਵ ਸਾਂਝਾ ਕਰਦਿਆਂ ਸੁਨੀਤਾ ਰਾਣੀ ਨੇ ਕਿਹਾ, “ਜਦੋਂ ਦਰਦ ਅਸਹਿਣਯੋਗ ਹੋ ਗਿਆ ਤਾਂ ਮੈਂ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਰਜਿਸਟ੍ਰੇਸ਼ਨ ਕਰਵਾਇਆ ਅਤੇ ਆਪਣੇ ਪਰਿਵਾਰ ਦਾ ਸਿਹਤ ਕਾਰਡ ਬਣਵਾਇਆ। ਡਾਕਟਰਾਂ ਨੇ ਜਾਂਚ ਤੋਂ ਬਾਅਦ ਕਿਡਨੀ ਸਟੋਨ ਦੀ ਪੁਸ਼ਟੀ ਕੀਤੀ। ਮੇਰਾ ਸ਼ੂਗਰ ਲੈਵਲ ਬਹੁਤ ਜ਼ਿਆਦਾ ਸੀ ਅਤੇ ਸਰੀਰ ਵਿੱਚ ਕਾਫ਼ੀ ਸੋਜ ਸੀ, ਇਸ ਲਈ ਡਾਕਟਰਾਂ ਨੇ ਪਹਿਲਾਂ ਇਨ੍ਹਾਂ ਦੋਹਾਂ ਸਮੱਸਿਆਵਾਂ ਨੂੰ ਕਾਬੂ ਕਰਨ ਲਈ ਇਲਾਜ ਸ਼ੁਰੂ ਕੀਤਾ।” ਉਨ੍ਹਾਂ ਕਿਹਾ ਕਿ ਉਹ ਨਿਯਮਿਤ ਤੌਰ ’ਤੇ ਹਸਪਤਾਲ ਵਿਚ ਚੈਕਅੱਪ ਲਈ ਜਾ ਰਹੀ ਹਾਂ ਅਤੇ ਡਾਕਟਰ ਲਗਾਤਾਰ ਮੇਰੀ ਹਾਲਤ ’ਤੇ ਨਿਗਰਾਨੀ ਰੱਖ ਰਹੇ ਹਨ। ਹੁਣ ਸੋਜ ਘਟ ਗਈ ਹੈ ਅਤੇ ਸ਼ੂਗਰ ਨੂੰ ਕਾਬੂ ’ਚ ਰੱਖਣ ਲਈ ਮੇਰੀਆਂ ਦਵਾਈਆਂ ਵੀ ਬਦਲ ਦਿੱਤੀਆਂ ਗਈਆਂ ਹਨ। ਸੁਨੀਤਾ ਰਾਣੀ ਇਸ ਗੱਲ ਤੋਂ ਖੁਸ਼ ਹਨ ਕਿ ਉਨ੍ਹਾਂ ਦਾ ਇਲਾਜ ਕੈਸ਼ਲੈੱਸ ਤਰੀਕੇ ਨਾਲ ਹੋ ਰਿਹਾ ਹੈ। ਉਹ ਕਹਿੰਦੇ ਹਨ,“ਮੈਨੂੰ ਹੋਰ 10 ਦਿਨਾਂ ਦੇ ਕੋਰਸ ਦਾ ਇਲਾਜ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਡਾਕਟਰ ਆਪਰੇਸ਼ਨ ਦੀ ਮਿਤੀ ਤੈਅ ਕਰਨਗੇ। ਸੁਨੀਤਾ ਨੇ ਕਿਹਾ ਕਿ ‘ਮੇਰਾ ਮੰਨਣਾ ਹੈ ਕਿ ਮੁੱਖ ਮੰਤਰੀ ਸਿਹਤ ਯੋਜਨਾ ਵਰਗੀਆਂ ਸਰਕਾਰੀ ਸਿਹਤ ਯੋਜਨਾਵਾਂ ਪਰਿਵਾਰਾਂ ਨੂੰ ਬਿਨਾਂ ਖਰਚਿਆਂ ਦੀ ਚਿੰਤਾ ਕੀਤੇ ਸਮੇਂ ਸਿਰ ਇਲਾਜ ਦਿਵਾਉਣ ’ਚ ਮਦਦ ਕਰ ਰਹੀਆਂ ਹਨ।