ਦੁੰਦੀਮਾਜਰਾ ’ਚ ਫੈਲਿਆ ਪੀਲੀਆ, ਲੋਕਾਂ ’ਚ ਸਹਿਮ
ਦੁੰਦੀਮਾਜਰਾ ਵਿੱਚ ਫੈਲਿਆ ਪੀਲੀਆ, ਲੋਕਾਂ ’ਚ ਸ਼ਹਿਮ
Publish Date: Wed, 20 May 2026 07:08 PM (IST)
Updated Date: Wed, 20 May 2026 07:10 PM (IST)

ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, ਪਟਿਆਲਾ : ਦੂਧਨਸਾਧਾਂ ਇਲਾਕੇ ਵਿਚ ਸਥਿਤ ਪਿੰਡ ਦੁੰਦੀਮਾਜਰਾ ਵਿਚ ਪੀਲੀਆ ਫੈਲ ਦੇ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਸਿਹਤ ਵਿਭਾਗ ਵੀ ਅਲਰਟ ਹੋ ਗਿਆ ਹੈ ਅਤੇ ਵਿਭਾਗ ਵੱਲੋਂ ਪਿੰਡ ਦੇ ਘਰਾਂ ਦਾ ਸਰਵੇ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਦੌਰਾਨ ਕੁੱਲ ਦੇ ਵੀਹ ਮਾਮਲੇ ਰਿਪੋਰਟ ਹੋਏ ਹਨ। ਸਿਹਤ ਵਿਭਾਗ ਵੱਲੋਂ ਪਿੰਡ ਦੇ ਕਰੀਬ ਇੱਕ ਹਜ਼ਾਰ ਘਰਾਂ ਦਾ ਸਰਵੇ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਵਿਭਾਗ ਵੱਲੋਂ ਪਿੰਡ ਵਿਚ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸਿਹਤ ਵਿਭਾਗ ਅਨੁਸਾਰ ਪੀਲੀਆ ਦੇ ਇੰਨੀ ਵੱਡੀ ਗਿਣਤੀ ਵਿਚ ਮਾਮਲੇ ਸਾਹਮਣੇ ਆਉਣ ਦਾ ਮੁੱਖ ਕਾਰਨ ਦੂਸ਼ਿਤ ਪਾਣੀ ਦੀ ਸਪਲਾਈ ਜਾਂ ਖਰਾਬ ਭੋਜਨ ਦਾ ਸੇਵਨ ਮੰਨਿਆ ਜਾ ਰਿਹਾ ਹੈ। ਉੱਥੇ ਹੀ ਵਾਟਰ ਸਪਲਾਈ ਵਿਭਾਗ ਵੱਲੋਂ ਇਲਾਕੇ ਵਿੱਚ ਪਾਣੀ ਦੇ 9 ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਦੂਜੇ ਪਾਸੇ ਪੀਲੀਆ ਪੀੜਤ ਲੋਕਾਂ ਦੇ ਖੂਨ ਦੇ ਸੈਂਪਲਾਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਸਿਹਤ ਵਿਭਾਗ ਅਨੁਸਾਰ ਫਿਲਹਾਲ ਮਰੀਜ਼ ਠੀਕ ਹੋ ਰਹੇ ਹਨ ਅਤੇ ਪੀਲੀਆ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। ਜ਼ਿਲ੍ਹਾ ਐਪੀਡਿਮੋਲੋਜਿਸਟ ਡਾ. ਦਿਵਜੋਤ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਹੁਣ ਪੀਲੀਆ ਦਾ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਅਤੇ ਜੋ ਲੋਕ ਪੀਲੀਆ ਨਾਲ ਪੀੜਤ ਹਨ, ਉਹ ਵੀ ਠੀਕ ਹੋ ਰਹੇ ਹਨ। ਇਸ ਤੋਂ ਇਲਾਵਾ ਲੋਕਾਂ ਨੂੰ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।