ਹਸਪਤਾਲ ਦੇ ਵਾਰਡ ਅਟੈਂਡੈਂਟ ਦੀ ਕੁੱਟਮਾਰ
ਹਸਪਤਾਲ ਦੇ ਵਾਰਡ ਅਟੈਂਡੈਂਟ ਦੀ ਕੁੱਟਮਾਰ
Publish Date: Sat, 02 May 2026 05:39 PM (IST)
Updated Date: Sat, 02 May 2026 05:41 PM (IST)

- ਯੂਨੀਅਨ ਨੇ ਸਖ਼ਤ ਕਾਰਵਾਈ ਦੀ ਕੀਤੀ ਮੰਗ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ : ਰਾਜਿੰਦਰਾ ਹਸਪਤਾਲ ਵਿਖੇ ਦਾਖਲ ਮਰੀਜ਼ ਦੇ ਵਾਰਸਾਂ ਵੱਲੋਂ ਵਾਰਡ ਅਟੈਂਡੈਂਟ ਭੀਮ ਸਿੰਘ ਦੀ ਰਸਤੇ ਵਿੱਚ ਘੇਰ ਕੇ ਕੁੱਟਮਾਰ ਕਰ ਉਸਦਾ ਦੰਦ ਤੋੜਨ ਵਾਲੇ ਅਤੇ ਦਾੜੀ ਪੁੱਟਣ ਵਾਲੇ ਮੁਲਜ਼ਮਾਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਸਬੰਧੀ ਦਰਜਾ ਚਾਰ ਕਰਮਚਾਰੀ ਯੂਨੀਅਨ ਰਾਜਿੰਦਰਾ ਹਸਪਤਾਲ ਦੇ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹਸਪਤਾਲ ਵਿਖੇ ਯੂਨੀਅਨ ਦਫ਼ਤਰ ਵਿਖੇ ਪ੍ਰਧਾਨ ਮੋਨੀਕਾ ਮਸੀਹ ਦੀ ਅਗਵਾਈ ਵਿੱਚ ਕਰਵਾਇਆ ਗਿਆ। ਜਿਸ ਵਿੱਚ ਪੀੜਤ ਭੀਮ ਸਿੰਘ, ਸਵਰਨ ਸਿੰਘ ਬੰਗਾ ਪ੍ਰਧਾਨ ਇੰਪਲਾਈਜ਼ ਵੈੱਲਫੇਅਰ ਕਮੇਟੀ, ਕਰਮਜੀਤ ਕੌਰ ਔਲਖ ਪ੍ਰਧਾਨ ਨਰਸਿੰਗ ਸਟਾਫ, ਰਾਕੇਸ਼ ਕਲਿਆਣ ਪ੍ਰਧਾਨ ਲੈਬਾਟਰੀ ਅਟੈਂਡੈਂਟ ਵੱਲੋਂ ਸ਼ਮੂਲੀਅਤ ਕੀਤੀ ਗਈ। ਮੀਟਿੰਗ ਦੌਰਾਨ ਮੋਨੀਕਾ ਮਸੀਹ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਰਾਜਿੰਦਰਾ ਹਸਪਤਾਲ ਦੇ ਵਾਰਡ ਨੰਬਰ 2 ਸਰਜਰੀ ਵਿਖੇ ਵਾਰਡ ਅਟੈਂਡੈਂਟ ਭੀਮ ਸਿੰਘ ਸਵੇਰੇ ਦੇ ਸਮੇਂ ਆਪਣੀ ਡਿਊਟੀ ਦੇ ਰਹੇ ਸਨ। ਜਿੱਥੇ ਕਿ ਬਲਬੀਰ ਸਿੰਘ ਨਾਮ ਦੇ ਦਾਖਲ ਮਰੀਜ ਨਾਲ ਤਿੰਨ ਵਿਅਕਤੀ ਵੀ ਉੱਥੇ ਮੌਜੂਦ ਸਨ, ਡਾ. ਅਸ਼ਵਨੀ ਕੁਮਾਰ ਜਦੋਂ ਵਾਰਡ ਵਿੱਚ ਰਾਊਂਡ ਲਈ ਆਏ ਤਾਂ ਮਰੀਜ਼ ਦੇ ਇੱਕ ਵਾਰਸ ਨੂੰ ਛੱਡ ਕੇ ਬਾਕੀ ਨੂੰ ਬਾਹਰ ਜਾਣ ਲਈ ਜਦੋਂ ਭੀਮ ਸਿੰਘ ਨੇ ਕਿਹਾ ਤਾਂ ਮਰੀਜ਼ ਦੇ ਵਾਰਸਾਂ ਨੇ ਕਰਮਚਾਰੀ ਨਾਲ ਮਦਭਾਗੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ। ਇਸ ਘਟਨਾ ਤੋਂ ਬਾਅਦ ਜਦੋਂ ਇੱਕ ਮਈ ਨੂੰ ਭੀਮ ਸਿੰਘ ਹਸਪਤਾਲ ਤੋਂ ਛੁੱਟੀ ਕਰਨ ਉਪਰੰਤ ਆਪਣੇ ਘਰ ਜਾ ਰਹੇ ਸਨ ਤਾਂ ਅਫਸਰ ਕਾਲੋਨੀ ਨਜ਼ਦੀਕ ਮਰੀਜ਼ ਦੇ ਵਾਰਸ ਧੰਨਾ ਅਤੇ ਉਸ ਦੇ ਇੱਕ ਸਾਥੀ ਦੋਸਤ ਨੇ ਭੀਮ ਸਿੰਘ ਨੂੰ ਘੇਰ ਕੇ ਉਸ ਦੇ ਨਾਲ ਕੁੱਟਮਾਰ ਕਰ ਦਿੱਤੀ। ਇੱਕ ਦੰਦ ਤੋੜ ਦਿੱਤਾ ਅਤੇ ਉਸ ਦੀ ਦਾੜੀ ਨੂੰ ਪੁੱਟ ਦਿੱਤੀ। ਇਸ ਦੌਰਾਨ ਇਸ ਘਟਨਾ ਨਾਲ ਸਬੰਧਿਤ ਹਮਲਾਵਰ ’ਤੇ ਤੁਰੰਤ ਸਖਤ ਕਾਰਵਾਈ ਕਰਨ ਸਬੰਧੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਸਵਰਨ ਸਿੰਘ ਬੰਗਾ ਪ੍ਰਧਾਨ ਇੰਪਲਾਈਜ਼ ਵੈੱਲਫੇਅਰ ਕਮੇਟੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਰਾਜਿੰਦਰਾ ਹਸਪਤਾਲ ਵਿਖੇ ਕਰਮਚਾਰੀਆਂ, ਡਾਕਟਰਾਂ ਉੱਤੇ ਕੁੱਟਮਾਰ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਲਈ ਵਾਰਡਾਂ ਵਿੱਚ ਤੁਰੰਤ ਸਖਤ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਇਸ ਮੌਕੇ ਰਾਮ ਬਾਬੂ, ਲਵਕੇਸ਼ ਦੀਪ, ਰਾਜਨ ਅਟਵਾਲ, ਇੰਦਰਜੀਤ ਕੌਰ, ਉਸ਼ਾ ਠਾਕੁਰ, ਸੁਖਦੇਵ ਸਿੰਘ, ਸੰਜੀਵ ਕੁਮਾਰ, ਸਤੀਆ ਨਾਰਾਇਣ, ਸੋਨੂੰ, ਅਨੀਲ ਕੁਮਾਰ, ਰਣਜੀਤ, ਸਿੰਗਾਰਾ ਸਿੰਘ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।