ਹਾੜ੍ਹੀ ਦੇ ਸੀਜਨ ’ਚ ਐਲਰਜੀ ਅਤੇ ਅਸਥਮਾ ਦੇ ਮਰੀਜ਼ਾਂ ਦੀ ਗਿਣਤੀ ਵਧੀ

ਸਟਾਫ ਰਿਪੋਰਟਰ• ਪੰਜਾਬੀ ਜਾਗਰਣ •ਪਟਿਆਲਾ : ਹਾੜ੍ਹੀ ਦੇ ਸੀਜਨ ਦੌਰਾਨ ਕਣਕ ਦੀ ਕਟਾਈ ਦਾ ਸੀਜ਼ਨ ਲਗਪਗ ਨਿੱਬੜ ਚੁੱਕਿਆ ਹੈ ਤੇ ਕਿਸਾਨਾਂ ਵੱਲੋਂ ਕਣਕ ਦੇ ਨਾੜ ਦੀ ਤੂੜੀ ਬਣਾਉਣ ਦਾ ਕੰਮ ਜਾਰੀ ਹੈ, ਜਿਸ ਨਾਲ ਹਵਾ ਵਿਚ ਉੱਡ ਰਹੇ ਧੂੜ ਦੇ ਕਣਾਂ ਅਤੇ ਫਸਲ ਦੀ ਰਹਣ-ਖੂੰਹਦ ਨੇ ਲੋਕਾਂ ਦੀ ਸਿਹਤ 'ਤੇ ਮਾੜਾ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ। ਜ਼ਿਲ੍ਹੇ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ ਐਲਰਜੀ, ਅਸਥਮਾ ਅਤੇ ਹੋਰ ਸਾਹ ਨਾਲ ਜੁੜੀਆਂ ਸਮੱਸਿਆਵਾਂ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਕਰੀਬ 10 ਤੋਂ 15 ਫੀਸਦੀ ਤੱਕ ਵਾਧਾ ਦਰਜ ਕੀਤਾ ਗਿਆ ਹੈ। ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਵੱਡੀ ਗਿਣਤੀ ਵਿਚ ਮਰੀਜ਼ ਖੰਘ, ਸਾਹ ਲੈਣ ਵਿੱਚ ਦਿੱਕਤ, ਗਲੇ ਵਿਚ ਖਰਾਸ਼, ਅੱਖਾਂ ਵਿੱਚ ਜਲਣ ਅਤੇ ਜ਼ੁਕਾਮ ਵਰਗੀਆਂ ਸ਼ਿਕਾਇਤਾਂ ਲੈ ਕੇ ਪਹੁੰਚ ਰਹੇ ਹਨ। ਡਾਕਟਰ ਮਰੀਜ਼ਾਂ ਨੂੰ ਇਸ ਮੌਸਮ ਵਿੱਚ ਆਪਣਾ ਖਾਸ ਧਿਆਨ ਰੱਖਣ ਦੀ ਸਲਾਹ ਦੇ ਰਹੇ ਹਨ। ਜਾਣਕਾਰੀ ਅਨੁਸਾਰ ਮਾਤਾ ਕੌਸ਼ਲਿਆ ਹਸਪਤਾਲ ਵਿੱਚ ਰੋਜ਼ਾਨਾ ਕਰੀਬ 1400 ਮਰੀਜ਼ ਇਲਾਜ ਲਈ ਆਉਂਦੇ ਹਨ, ਇਨ੍ਹਾਂ ਦਿਨਾਂ ਵਿੱਚੋਂ ਲਗਭਗ ਦੋ ਸੌ ਮਰੀਜ਼ ਕੇਵਲ ਐਲਰਜੀ ਨਾਲ ਸੰਬੰਧਿਤ ਹਨ। ਇਹੀ ਹਾਲ ਜ਼ਿਲ੍ਹੇ ਦੇ ਹੋਰ ਹਸਪਤਾਲਾਂ ਦਾ ਵੀ ਹੈ। ਮੈਡੀਕਲ ਮਾਹਿਰ ਦਾ ਕਹਿਣਾ ਹੈ ਕਿ ਹੀਟ ਵੇਬ ਅਤੇ ਮੌਸ਼ਮ ’ਚ ਧੂੜ ਭਰੇ ਕਣਾ ਦਾ ਸੁਮੇਲ ਬਿਮਾਰੀਆਂ ’ਚ ਵਾਧਾ ਕਰ ਰਿਹਾ ਹੈ। ਇਸ ਸਮੇਂ ਦਿਨ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਹਨ, ਜਿਸ ਨਾਲ ਖੇਤਾਂ ਵਿਚ ਕਣਕ ਦੇ ਨਾੜ ਦੇ ਕਣ ਅਤੇ ਧੂੜ ਵਾਤਾਵਰਣ ਵਿੱਚ ਫੈਲ ਰਹੀ ਹੈ। ਇਸ ਨਾਲ ਹਵਾ ਦੀ ਗੁਣਵੱਤਾ ਖਰਾਬ ਹੋ ਗਈ ਹੈ, ਜੋ ਖਾਸ ਕਰਕੇ ਅਸਥਮਾ ਅਤੇ ਐਲਰਜੀ ਦੇ ਮਰੀਜ਼ਾਂ ਲਈ ਖਤਰਨਾਕ ਸਾਬਤ ਹੋ ਰਹੀ ਹੈ।
- ਪੁਰਾਣੀਆਂ ਬਿਮਾਰੀਆਂ ਵਾਲਿਆਂ ਨੂੰ ਖਾਸ ਧਿਆਨ ਦੇਣ ਦੀ ਲੋੜ
ਡਾ. ਪ੍ਰਦੀਪ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਐਲਰਜੀ, ਅਸਥਮਾ ਜਾਂ ਸਾਹ ਸੰਬੰਧੀ ਬਿਮਾਰੀ ਹੈ, ਉਨ੍ਹਾਂ ਲਈ ਇਹ ਮੌਸਮ ਬਹੁਤ ਸੰਵੇਦਨਸ਼ੀਲ ਹੈ। ਜੇਕਰ ਉਹ ਸਾਵਧਾਨ ਨਾ ਰਹੇ ਤਾਂ ਸਮੱਸਿਆ ਗੰਭੀਰ ਹੋ ਸਕਦੀ ਹੈ। ਹੀਟ ਵੇਵ ਅਤੇ ਵਾਇਰਲ ਇਨਫੈਕਸ਼ਨ ਕਾਰਨ ਮਰੀਜ਼ਾਂ ਦੀ ਗਿਣਤੀ ਕਾਫੀ ਵਧੀ ਹੈ। ਅਜਿਹੇ ਮੌਸਮ ਵਿੱਚ ਲੋਕ ਆਪਣੇ ਆਪ ਨੂੰ ਬਚਾਉਣ ਲਈ ਮਾਸਕ ਦਾ ਇਸਤੇਮਾਲ ਕਰਨ ਅਤੇ ਗਰਾਰੇ ਕਰਨ। ਅੱਖਾਂ ਦੀ ਸੁਰੱਖਿਆ ਵੀ ਜ਼ਰੂਰੀ ਹੈ, ਕਿਉਂਕਿ ਧੂੜ ਦੇ ਕਣ ਅੱਖਾਂ ਵਿੱਚ ਐਲਰਜੀ ਦਾ ਕਾਰਨ ਬਣ ਸਕਦੇ ਹਨ।
- ਬਚਾਵ ਦੇ ਉਪਾਅ -
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਐਪੀਡਿਮਿਓਲੋਜਿਸਟ ਡਾ. ਸੁਮਿਤ ਸਿੰਘ ਨੇ ਦੱਸਿਆ ਕਿ ਵਾਈਰਲ ਮੌਸ਼ਮ ’ਚ ਹੋਣ ਰਹੀਆਂ ਬਿਮਾਰੀਆ ਤੋਂ ਬਚਾਅ ਲਈ ਕੁਝ ਜਰੂਰੀ ਉਪਾਅ ਕਰਨੇ ਚਾਹੀਦੇ ਹਨ, ਜਿਨ੍ਹਾਂ ’ਚ
-- ਮਾਸਕ ਦਾ ਨਿਯਮਿਤ ਇਸਤੇਮਾਲ ਕਰੋ: ਬਾਹਰ ਨਿਕਲਦੇ ਸਮੇਂ ਮਾਸਕ ਪਹਿਨੋ ਤਾਂ ਜੋ ਧੂੜ ਮਿੱਟੀ ਦੇ ਕਣ ਸਾਹ ਦੇ ਨਾਲ ਸਰੀਰ ਵਿੱਚ ਨਾ ਜਾ ਸਕਣ।
-- ਕੋਸੇ ਪਾਣੀ ਨਾਲ ਗਰਾਰੇ ਕਰੋ: ਦਿਨ ਵਿੱਚ ਦੋ ਵਾਰ ਨਮਕ ਮਿਲੇ ਕੋਸੇ ਪਾਣੀ ਨਾਲ ਗਰਾਰੇ ਕਰੋ, ਜਿਸ ਨਾਲ ਗਲੇ ਦੀ ਸਫਾਈ ਹੁੰਦੀ ਰਹੇ।
-- ਅੱਖਾਂ ਦੀ ਸੁਰੱਖਿਆ ਕਰੋ: ਟੂ-ਵ੍ਹੀਲਰ ਚਲਾਉਂਦੇ ਸਮੇਂ ਐਨਕ ਪਾਓ। ਧੂੜ ਅਤੇ ਛੋਟੇ ਕਣ ਅੱਖਾਂ ਵਿਚ ਜਾ ਕੇ ਜਲਣ ਅਤੇ ਐਲਰਜੀ ਪੈਦਾ ਕਰ ਸਕਦੇ ਹਨ।
-- ਭੋਜਨ ਵਿਚ ਇਮਿਊਨਿਟੀ ਵਧਾਉਣ ਵਾਲੇ ਤੱਤ ਲਓ: ਤੁਲਸੀ, ਹਲਦੀ ਅਤੇ ਵਿਟਾਮਿਨ-ਸੀ ਯੁਕਤ ਫਲਾਂ ਦਾ ਸੇਵਨ ਕਰੋ।
-- ਜੇ ਖੰਘ, ਸਾਹ ਲੈਣ ਵਿਚ ਦਿੱਕਤ ਜਾਂ ਅੱਖਾਂ ਵਿੱਚ ਲਗਾਤਾਰ ਜਲਣ ਹੋ ਰਹੀ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।