ਜੇਲ੍ਹਾਂ ਨੂੰ ਸਜ਼ਾ ਕੇਂਦਰ ਨਹੀਂ, ਸੁਧਾਰ ਕੇਂਦਰ ਬਣਾਉਣ ਦੀ ਲੋੜ: ਸਿਹਤ ਮੰਤਰੀ
ਜੇਲ੍ਹਾਂ ਨੂੰ ਸਜ਼ਾ ਕੇਂਦਰ ਨਹੀਂ, ਸੁਧਾਰ ਕੇਂਦਰ ਬਣਾਉਣ ਦੀ ਲੋੜ: ਸਿਹਤ ਮੰਤਰੀ
Publish Date: Wed, 20 May 2026 06:13 PM (IST)
Updated Date: Wed, 20 May 2026 06:16 PM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਜੇਲ੍ਹ ਟ੍ਰੇਨਿੰਗ ਸਕੂਲ ਵਿਖੇ ਤਿੰਨ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ‘ਸੋਸ਼ਲ ਵਰਕ ਇੰਟਰਵੇਂਸ਼ਨ ਇੰਨ ਪ੍ਰੀਜ਼ਨਜ਼’ ਵਿਚ ਵਿਸ਼ੇਸ਼ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਜੇਲ੍ਹ ਸੁਧਾਰ, ਕੈਦੀਆਂ ਦੀ ਮਨੋਵਿਗਿਆਨਕ ਸਹਾਇਤਾ, ਨਸ਼ਾ ਮੁਕਤੀ ਉਪਰਾਲਿਆਂ ਅਤੇ ਸਮਾਜਿਕ ਪੁਨਰਵਾਸ ਨਾਲ ਸਬੰਧਤ ਮਹੱਤਵਪੂਰਨ ਵਿਸ਼ਿਆਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਟ੍ਰੇਨਿੰਗ ਪ੍ਰੋਗਰਾਮ ਵਿਚ ਲਗਭਗ 40 ਭਾਗੀਦਾਰਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦਾ ਮੁੱਖ ਉਦੇਸ਼ ਜੇਲ੍ਹ ਅੰਦਰ ਸਮਾਜਿਕ ਕਾਰਜ ਹਸਤਖੇਪਾਂ ਨੂੰ ਮਜ਼ਬੂਤ ਕਰਨਾ ਅਤੇ ਕੈਦੀਆਂ ਦੀ ਮਾਨਸਿਕ, ਭਾਵਨਾਤਮਕ ਅਤੇ ਸਮਾਜਿਕ ਭਲਾਈ ਲਈ ਪ੍ਰਭਾਵਸ਼ਾਲੀ ਰਣਨੀਤੀਆਂ ਤਿਆਰ ਕਰਨਾ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਜੇਲ੍ਹਾਂ ਨੂੰ ਸਿਰਫ਼ ਸਜ਼ਾ ਦੇ ਕੇਂਦਰ ਵਜੋਂ ਨਹੀਂ, ਸਗੋਂ ਸੁਧਾਰ ਤੇ ਪੁਨਰਵਾਸ ਕੇਂਦਰਾਂ ਵਜੋਂ ਵਿਕਸਿਤ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੈਦੀਆਂ ਨੂੰ ਸਹੀ ਦਿਸ਼ਾ, ਮਨੋਵਿਗਿਆਨਕ ਸਹਾਇਤਾ ਅਤੇ ਨਸ਼ਾ ਮੁਕਤੀ ਸੇਵਾਵਾਂ ਪ੍ਰਦਾਨ ਕਰਕੇ ਹੀ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਮੁੜ ਜੋੜਿਆ ਜਾ ਸਕਦਾ ਹੈ। ਸਿਹਤ ਮੰਤਰੀ ਨੇ ਇਹ ਵੀ ਜ਼ੋਰ ਦਿੱਤਾ ਕਿ ਜੇਲ੍ਹ ਅੰਦਰ ਗੁਣਵੱਤਾ ਵਾਲੀਆਂ ਨਸ਼ਾ ਮੁਕਤੀ ਅਤੇ ਮਨੋਵਿਗਿਆਨਕ ਭਲਾਈ ਸੇਵਾਵਾਂ ਦੀ ਸ਼ੁਰੂਆਤ ਇਕ ਮਹੱਤਵਪੂਰਨ ਕਦਮ ਹੈ, ਜੋ ਕੈਦੀਆਂ ਦੀ ਸਿਹਤ ਅਤੇ ਮਾਨਸਿਕ ਖੁਸ਼ਹਾਲੀ ਨੂੰ ਸੁਧਾਰਨ ਵਿੱਚ ਮਦਦਗਾਰ ਸਾਬਤ ਹੋਵੇਗਾ। ਉਨ੍ਹਾਂ ਅਨੁਸਾਰ ਨਸ਼ਾ ਮੁਕਤੀ ਪ੍ਰੋਗਰਾਮ ਸਿਰਫ਼ ਇਲਾਜ ਨਹੀਂ, ਸਗੋਂ ਇੱਕ ਲੰਬੀ ਮਿਆਦ ਵਾਲੀ ਸਮਾਜਿਕ ਪੁਨਰਵਾਸ ਪ੍ਰਕਿਰਿਆ ਹੈ, ਜਿਸ ਵਿੱਚ ਪਰਿਵਾਰ, ਸਮਾਜ ਅਤੇ ਪ੍ਰਸ਼ਾਸਨ ਦੀ ਸਾਂਝੀ ਭੂਮਿਕਾ ਜ਼ਰੂਰੀ ਹੈ। ਇਸ ਮੌਕੇ ਓਐਸਡੀ ਸ਼ਾਲੀਨ ਮਿੱਤਰਾ, ਹਰਚਰਨ ਗਿੱਲ, ਟਾਟਾ ਇੰਸਟੀਟਿਊਟ ਆਫ ਸੋਸ਼ਲ ਸਾਇੰਸ ਪ੍ਰੋ: ਵਿਜੇ ਰਾਗਵਾਨ, ਪ੍ਰਿੰਸੀਪਲ ਪੀਜੇਟੀਐਸ ਪਟਿਆਲਾ ਵਰੁਣ ਸ਼ਰਮਾ ਪੀਪੀਐੱਸ, ਵਾਈਸ ਪ੍ਰਿੰਸੀਪਲ ਪੀਜੇਟੀਐਸ ਮੁਕੇਸ਼ ਸ਼ਰਮਾ, ਚੀਫ਼ ਵੈਲਫੇਅਰ ਅਫ਼ਸਰ ਪ੍ਰਿਸਨ ਐੱਚ ਕਿਊ ਪੰਜਾਬ ਐੱਚਐਸ ਗਿੱਲ ਪੀਪੀਐਸ ਤੋਂ ਇਲਾਵਾ ਐੱਨਜੀਓਜ਼ ਦੇ ਨੁਮਾਇੰਦੇ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।