ਨਵਜੰਮੀ ਬੱਚੀ ਦੀ ਸਰਜਰੀ ਕਰ ਕੇ ਬਚਾਈ ਜਾਨ
ਰਾਜਿੰਦਰਾ ਹਸਪਤਾਲ ’ਚ ਨਵਜੰਮੀ ਬੱਚੀ ਦੀ ਸਰਜਰੀ ਕਰਕੇ ਬਚਾਈ ਜਾਨ
Publish Date: Fri, 22 May 2026 09:07 PM (IST)
Updated Date: Sat, 23 May 2026 04:13 AM (IST)

ਸਿਹਤ ਕ੍ਰਾਂਤੀ ਨੇ ਬਿਹਤਰ ਇਲਾਜ ਸਹੂਲਤਾਂ ਨੂੰ ਗਰੀਬਾਂ ਦੇ ਘਰਾਂ ਤੱਕ ਪਹੁੰਚਾਇਆ : ਸਿਹਤ ਮੰਤਰੀ ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, •ਪਟਿਆਲਾ : ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਬੱਚਾ ਸਰਜਰੀ ਵਿਭਾਗ ਨੇ ਇੱਕ ਗੰਭੀਰ ਜਮਾਂਦਰੂ ਵਿਗਾੜ ਨਾਲ ਪੈਦਾ ਹੋਈ ਇੱਕ ਦਿਨ ਦੀ ਮਾਦਾ ਬੱਚੀ ਦੀ ਸਫਲਤਾਪੂਰਵਕ ਜਾਨ ਬਚਾਈ ਹੈ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਹੈ ਕਿ ਇਸ ਬੱਚੀ ਦਾ ਸਾਰਾ ਇਲਾਜ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮੁਫ਼ਤ ਕੀਤਾ ਗਿਆ ਹੈ। ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ’ਚ ਆਈ ਸਿਹਤ ਕ੍ਰਾਂਤੀ ਨਾਲ ਸੂਬੇ ਦੇ ਸਰਕਾਰੀ ਹਸਪਤਾਲ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਮੁਫ਼ਤ ਤੇ ਨਿੱਜੀ ਹਸਪਤਾਲਾਂ ਦੇ ਮੁਕਾਬਲੇ ਬਿਹਤਰ ਇਲਾਜ ਪ੍ਰਦਾਨ ਕਰ ਰਹੇ ਹਨ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਹ ਸਫ਼ਲ ਸਰਜਰੀ ਰਾਜਿੰਦਰਾ ਹਸਪਤਾਲ ਵਿਖੇ ਗੁੰਝਲਦਾਰ ਨਵਜੰਮੇ ਸਰਜੀਕਲ ਐਮਰਜੈਂਸੀ ਹਾਲਾਤ ਸੰਭਾਲਣ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਬਹੁ-ਅਨੁਸ਼ਾਸਨੀ ਟੀਮ ਦੀ ਮੁਹਾਰਤ ਤੇ ਸਮਰਪਣ ਨੂੰ ਉਜਾਗਰ ਕਰਦੀ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿਖੇ 20 ਅਪ੍ਰੈਲ 2026 ਦੀ ਰਾਤ ਨੂੰ ਵੱਡੇ ਆਪ੍ਰੇਸ਼ਨ ਰਾਹੀਂ 2 ਕਿੱਲੋ 100 ਗ੍ਰਾਮ ਦੀ ਇੱਕ ਬੱਚੀ ਦਾ ਜਨਮ ਹੋਇਆ, ਜਿਸ ਦੇ ਮਾਤਾ-ਪਿਤਾ ਕਰਨ ਕੁਮਾਰ ਤੇ ਨੇਹਾ ਰਾਜਪੁਰਾ ਸ਼ਹਿਰ ਦੇ ਰਹਿਣ ਵਾਲੇ ਹਨ। ਮੋਬਾਈਲ ਰਿਪੇਅਰ ਦਾ ਕੰਮ ਕਰਨ ਕੁਮਾਰ ਦੇ 2 ਬੱਚਿਆਂ ਦੀ ਪਹਿਲਾਂ ਵੀ ਗਰਭ ਦੌਰਾਨ ਮੌਤ ਹੋ ਚੁੱਕੀ ਹੈ ਤੇ ਇਸ ਬੱਚੇ ਦਾ ਜਨਮ ਉਨ੍ਹਾਂ ਲਈ ਬਹੁਤ ਜ਼ਿਆਦਾ ਮਹੱਤਤਾ ਰੱਖਦਾ ਸੀ। ਉਨ੍ਹਾਂ ਦੱਸਿਆ ਕਿ ਇਸ ਬੱਚੀ ਦੇ ਜਨਮ ਤੋਂ ਬਾਅਦ ਹਸਪਤਾਲ ਦੇ ਡਾਕਟਰਾਂ ਨੇ ਇਹ ਪਾਇਆ ਗਿਆ ਕਿ ਬੱਚੀ ਦੇ ਸਰੀਰ ’ਚ ਖਾਣ ਵਾਲੀ ਨਾਲੀ ਦਾ ਇੱਕ ਲੰਬਾ ਹਿੱਸਾ ਬਣਿਆ ਹੀ ਨਹੀਂ ਹੋਇਆ, ਜਿਸ ਕਰ ਕੇ ਬੱਚੀ ਦੁੱਧ ਤੇ ਲਾਰ ਆਪਣੇ ਅੰਦਰ ਨਹੀਂ ਲੰਘਾ ਸਕਦੀ ਸੀ, ਜਿਸ ਕਰ ਕੇ ਉਸ ਨੂੰ ਛਾਤੀ ’ਚ ਨਿਮੋਨੀਆ ਅਤੇ ਜਾਨ ਦਾ ਵੀ ਖ਼ਤਰਾ ਸੀ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਬੱਚਾ ਸਰਜਰੀ ਵਿਭਾਗ ਦੇ ਡਾਕਟਰ ਰਵੀ ਗਰਗ ਤੇ ਉਨ੍ਹਾਂ ਦੀ ਟੀਮ ਮੈਂਬਰ ਡਾ. ਤੇਗ ਰਬਾਬ ਸਿੰਘ, ਸੁਕ੍ਰਿਤ ਸਿੰਘ ਸਾਹ ਸਮੇਤ ਐਨਸੀਥੀਸੀਆ ਦੇ ਮੁਖੀ ਡਾ. ਪ੍ਰਮੋਦ ਕੁਮਾਰ, ਡਾ. ਤ੍ਰਿਪਤ ਕੌਰ ਬਿੰਦਰਾ ਤੇ ਡਾ. ਸੁਮੀਤ ਸੋਨੀ ਅਧਾਰਤ ਟੀਮ ਨੇ ਇਸ ਬੱਚੀ ਦੀ ਸਫ਼ਲ ਸਰਜਰੀ ਕੀਤੀ। ਡਾ. ਰਵੀ ਗਰਗ ਨੇ ਇਸ ਬੱਚੀ ਦਾ ਆਪ੍ਰੇਸ਼ਨ ਕਰ ਕੇ ਭੋਜਨ ਨਾਲੀ ਦਾ ਇੱਕ ਹਿੱਸਾ ਗਲੇ ’ਚ ਖੋਲ੍ਹਿਆ ਤਾਂ ਜੋ ਲਾਰ ਉੱਥੋਂ ਨਿਕਲ ਸਕੇ ਤੇ ਇੱਕ ਨਾਲੀ ਉਸ ਦੇ ਪੇਟ ’ਚ ਪਾਈ ਗਈ, ਜਿਸ ਵਿੱਚ ਬੱਚੇ ਨੂੰ ਦੁੱਧ ਦਿੱਤਾ ਜਾ ਸਕੇ। ਸਿਹਤ ਮੰਤਰੀ ਨੇ ਦੱਸਿਆ ਕਿ ਇਹ ਜਨਮਜਾਤ ਦੋਸ਼ ਭਾਰਤ ’ਚ 1/4500 ਨਵਜੰਮੇ ਬੱਚਿਆਂ ’ਚ ਹੁੰਦਾ ਹੈ ਤੇ ਭਾਰਤ ’ਚ ਇਸ ਤਰ੍ਹਾਂ ਦੇ 40 ਫੀਸਦੀ ਬੱਚੇ ਹੀ ਬਚਦੇ ਹਨ ਪਰ ਸਰਕਾਰੀ ਰਜਿੰਦਰਾ ਹਸਪਤਾਲ ’ਚ ਕਈ ਸਾਲਾਂ ਬਾਅਦ ਪਹਿਲੀ ਵਾਰ ਇਸ ਤਰ੍ਹਾਂ ਦੇ ਵਿਰਲੇ ਦੋਸ਼ ਦਾ ਆਪ੍ਰੇਸ਼ਨ ਕਰ ਕੇ ਇਲਾਜ ਕੀਤਾ ਗਿਆ ਹੈ, ਜਿਸ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹਸਪਤਾਲ ਦੇ ਡਾਕਟਰਾਂ ਨੂੰ ਜਾਂਦਾ ਹੈ। ਡਾ. ਬਲਬੀਰ ਸਿੰਘ ਨੇ ਅੱਗੇ ਦੱਸਿਆ ਕਿ ਆਪ੍ਰੇਸ਼ਨ ਤੋਂ ਬਾਅਦ ਇਹ ਬੱਚੀ 26 ਦਿਨ ਨਿੱਕੂ ਸਹੂਲਤ ਆਈਸੀਯੂ ’ਚ ਭਰਤੀ ਰਹੀ। ਉਨ੍ਹਾਂ ਕਿਹਾ ਕਿ ਅਜਿਹਾ ਆਪ੍ਰੇਸ਼ਨ ਪਟਿਆਲਾ ਤੋਂ ਇਲਾਵਾ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਵਿਖੇ ਹੀ ਕੀਤਾ ਜਾਂਦਾ ਹੈ, ਜਦਕਿ ਪ੍ਰਾਈਵੇਟ ਸੈਕਟਰ ’ਚ ਇਸ ਆਪ੍ਰੇਸ਼ਨ ਸਮੇਤ ਇੰਨੇ ਦਿਨ ਨਿੱਕੂ ’ਚ ਦਾਖਲ ਹੋਣ ਦਾ ਖਰਚਾ ਘੱਟੋ-ਘੱਟ 12 ਤੋਂ 15 ਲੱਖ ਰੁਪਏ ਹੁੰਦਾ ਹੈ ਪਰ ਇਸ ਬੱਚੀ ਦਾ ਇਹ ਆਪ੍ਰੇਸ਼ਨ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਬਿਲਕੁਲ ਮੁਫ਼ਤ ਕੀਤਾ ਗਿਆ ਹੈ। ਇਸ ਮੌਕੇ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ ਤੇ ਹੋਰ ਡਾਕਟਰ ਮੌਜੂਦ ਸਨ।