ਆਲ ਇੰਡੀਆ ਅੰਬੇਡਕਰ ਮਹਾਸਭਾ ਦੇ ਨਵੇਂ ਕੇਂਦਰੀ ਦਫ਼ਤਰ ਦਾ ਉਦਘਾਟਨ
ਆਲ ਇੰਡੀਆ ਅੰਬੇਡਕਰ ਮਹਾਸਭਾ ਦੇ ਨਵੇਂ ਕੇਂਦਰੀ ਦਫ਼ਤਰ ਦਾ ਉਦਘਾਟਨ
Publish Date: Sat, 02 May 2026 04:33 PM (IST)
Updated Date: Sat, 02 May 2026 04:35 PM (IST)

- ਬਾਬਾ ਸਾਹਿਬ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਮਾਨਤਾ ਲਾਜ਼ਮੀ : ਡਾ. ਬਲਬੀਰ ਸਿੰਘ ਸੀਨੀਅਰ ਰਿਪੋਰਟਰ, •ਪੰਜਾਬੀ ਜਾਗਰਣ•, ਪਟਿਆਲਾ : ਪਟਿਆਲਾ ਦੇ ਰਣਜੀਤ ਨਗਰ ਵਿੱਚ ਆਲ ਇੰਡੀਆ ਅੰਬੇਡਕਰ ਮਹਾਸਭਾ ਦੇ ਕੇਂਦਰੀ ਦਫ਼ਤਰ ਦਾ ਰਸਮੀ ਉਦਘਾਟਨ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤਾ। ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸਮਾਜ ਸੇਵਕਾਂ, ਅਧਿਕਾਰੀਆਂ ਅਤੇ ਸਥਾਨਕ ਵਾਸੀਆਂ ਨੇ ਸ਼ਿਰਕਤ ਕੀਤੀ। ਮੁੱਖ ਮਹਿਮਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਡਾ. ਬੀਆਰ ਅੰਬੇਡਕਰ ਦੇ ਸੁਪਨਿਆਂ ਵਾਲਾ ਸਮਾਜ ਉਦੋਂ ਹੀ ਬਣ ਸਕਦਾ ਹੈ ਜਦੋਂ ਹਰ ਵਰਗ ਨੂੰ ਬਰਾਬਰੀ ਦੇ ਮੌਕੇ ਮਿਲਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੇ ਖੇਤਰ ਵਿੱਚ ਲਗਾਤਾਰ ਕਦਮ ਚੁੱਕ ਰਹੀ ਹੈ ਤਾਂ ਜੋ ਆਮ ਲੋਕਾਂ ਦੀ ਜ਼ਿੰਦਗੀ ਵਿੱਚ ਸੁਧਾਰ ਆ ਸਕੇ। ਸਿਹਤ ਮੰਤਰੀ ਨੇ ਕਿਹਾ ਕਿ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਬੀਮਾ ਦੇ ਕੇ ਸਰਕਾਰ ਨੇ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁਹੱਲਾ ਕਲੀਨਿਕਾਂ ਰਾਹੀਂ ਲੋਕਾਂ ਨੂੰ ਘਰ ਦੇ ਨੇੜੇ ਹੀ ਮੁਫ਼ਤ ਅਤੇ ਵਧੀਆ ਸਿਹਤ ਸੇਵਾਵਾਂ ਮਿਲ ਰਹੀਆਂ ਹਨ, ਜਿਸ ਨਾਲ ਲੋਕਾਂ ਦਾ ਖਰਚਾ ਘਟਿਆ ਹੈ। ਡਾ. ਬਲਬੀਰ ਸਿੰਘ ਨੇ ਇਹ ਵੀ ਕਿਹਾ ਕਿ ਨੌਜਵਾਨਾਂ ਲਈ ਨਵੀਆਂ ਨੌਕਰੀਆਂ ਪੈਦਾ ਕਰਨ, ਮਜ਼ਦੂਰਾਂ ਦੀ ਭਲਾਈ ਲਈ ਖ਼ਾਸ ਯੋਜਨਾਵਾਂ ਲਿਆਉਣ ਅਤੇ ਔਰਤਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਲਈ ਸਰਕਾਰ ਵਚਨਬੱਧ ਹੈ। ਇਸ ਮੌਕੇ ਮਹਾਸਭਾ ਦੇ ਕੌਮੀ ਪ੍ਰਧਾਨ ਰਾਕੇਸ਼ ਬਹਾਦਰ ਨੇ ਵੀ ਅਮਰੀਕ ਸਿੰਘ ਬੰਗੜ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਇੱਕ ਸੱਚੇ ਅੰਬੇਡਕਰਵਾਦੀ ਹਨ। ਉਨ੍ਹਾਂ ਦੱਸਿਆ ਕਿ ਸੰਗਠਨ ਦੇਸ਼ ਦੇ 18 ਰਾਜਾਂ ਵਿੱਚ ਸਰਗਰਮ ਹੈ ਅਤੇ ਸਮਾਜਿਕ ਜਾਗਰੂਕਤਾ ਫੈਲਾਉਣ ਦੇ ਨਾਲ-ਨਾਲ ਨੌਜਵਾਨਾਂ ਨੂੰ ਅੰਬੇਡਕਰਵਾਦੀ ਸੋਚ ਨਾਲ ਜੋੜ ਰਿਹਾ ਹੈ। ਪ੍ਰੋਗਰਾਮ ਦੌਰਾਨ ਕੌਮੀ ਖਜ਼ਾਨਚੀ ਰੀਨਾ ਗਾਵਸਕਰ ਵਾਲਮੀਕਿ, ਪੰਜਾਬ ਪ੍ਰਦੇਸ਼ ਪ੍ਰਧਾਨ ਨਿਰਮਲਜੀਤ, ਰੋਹਿਤ ਹੰਸ, ਸੁਖ ਰਾਮ ਅਤੇ ਉਪ ਪ੍ਰਧਾਨ ਪਲਵਿੰਦਰ ਸਿੰਘ ਦੋਸਾਂਝ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਨਿਰਮਲ ਚੌਹਾਨ, ਹਰਵਿੰਦਰ ਵਾਲੀਆ, ਭਗਤ ਰਾਜ ਤਿਸਾਵਰ, ਡਾ. ਬਲਰਾਜ ਬੇਦੀ ਸਮੇਤ ਕਈ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਸਨ।