ਤ੍ਰਿਪੜੀ ਦੀਆਂ ਕਾਲੋਨੀਆਂ 'ਚ ਹੁਣ ਨਹੀਂ ਖੜ੍ਹੇਗਾ ਬਰਸਾਤੀ ਪਾਣੀ
ਤ੍ਰਿਪੜੀ ਦੀਆਂ ਕਲੋਨੀਆਂ 'ਚ ਹੁਣ ਨਹੀਂ ਖੜ੍ਹੇਗਾ ਬਰਸਾਤੀ ਪਾਣੀ
Publish Date: Wed, 27 May 2026 04:26 PM (IST)
Updated Date: Wed, 27 May 2026 04:28 PM (IST)

ਸੀਨੀਅਰ ਰਿਪੋਰਟਰ•, ਪੰਜਾਬੀ ਜਾਗਰਣ•, ਪਟਿਆਲਾ : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪਿਛਲੇ ਕਈ ਦਹਾਕਿਆਂ ਤੋਂ ਬਰਸਾਤੀ ਪਾਣੀ ਖੜ੍ਹਨ ਦੀ ਸਮੱਸਿਆ ਨਾਲ ਜੂਝ ਰਹੇ ਤ੍ਰਿਪੜੀ ਦੇ ਅਨੰਦ ਨਗਰ-ਏ, ਦਸਮੇਸ਼ ਨਗਰ-ਬੀ ਤੇ ਨੇੜਲੇ ਇਲਾਕਿਆਂ ਦੇ ਵਸਨੀਕਾਂ ਨੂੰ ਹੁਣ ਵੱਡੀ ਰਾਹਤ ਮਿਲੇਗੀ। ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਬੁੱਧਵਾਰ ਨੂੰ ਵਾਰਡ ਨੰਬਰ 6 ਵਿਚ ਬਰਸਾਤੀ ਪਾਣੀ ਦੀ ਨਿਕਾਸੀ ਲਈ 45 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਪਾਈਪਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ। ਇਸ ਦੌਰਾਨ ਉਨ੍ਹਾਂ ਨੇ ਵਾਰਡ ਨੰਬਰ 4 ਅਨੰਦ ਨਗਰ-ਬੀ ਤੋਂ ਜੇਲ੍ਹ ਰੋਡ ਨੂੰ ਜਾਂਦੀ ਸੜਕ ਤੇ ਖੜ੍ਹਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ 40 ਲੱਖ ਰੁਪਏ ਦੀ ਲਾਗਤ ਨਾਲ ਬਣੀ ਤਜਵੀਜ਼ ਦਾ ਵੀ ਮੌਕੇ ਤੇ ਜਾ ਕੇ ਜਾਇਜ਼ਾ ਲਿਆ, ਇਸ ਦਾ ਕੰਮ ਵੀ ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕਰਵਾਇਆ ਜਾਵੇਗਾ। ਡਾ. ਬਲਬੀਰ ਸਿੰਘ ਨੇ ਅੱਜ ਆਪਣੇ ਹਲਕੇ ਦੇ ਵਸਨੀਕਾਂ ਨੂੰ ਮਿਲਦਿਆਂ ਕਿਹਾ ਕਿ ਉਨ੍ਹਾਂ ਉਪਰ ਲੋਕਾਂ ਦੇ ਬਹੁਤ ਅਹਿਸਾਨ ਹਨ, ਜਿਸ ਲਈ ਵਿਕਾਸ ਕਾਰਜ ਕਰਵਾ ਕੇ ਉਹ ਲੋਕਾਂ ਦੇ ਕਰਜ਼ੇ ਦਾ ਵਿਆਜ ਮੋੜ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕਾਂ ਨੂੰ ਬਿਹਤਰ ਇਲਾਜ ਸਹੂਲਤਾਂ ਪ੍ਰਦਾਨ ਕਰਵਾਈਆਂ ਹਨ ਤੇ ਹੋਰ ਯੋਜਨਾਵਾਂ ਜਾਰੀ ਹਨ। ਸਿਹਤ ਮੰਤਰੀ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੀ ਨਲਾਇਕੀ ਕਰਕੇ ਤ੍ਰਿਪੜੀ ਦੇ ਕਈ ਇਲਾਕਿਆਂ ਵਿਚ ਹਰ ਬਰਸਾਤ ਸਮੇਂ ਪਾਣੀ ਭਰ ਜਾਂਦਾ ਸੀ, ਜਿਸ ਦੀ ਨਿਕਾਸੀ ਲਈ ਕੋਈ ਪ੍ਰਬੰਧ ਨਹੀਂ ਸੀ ਕੀਤਾ ਗਿਆ, ਪਰ ਭਗਵੰਤ ਮਾਨ ਸਰਕਾਰ ਨੇ ਲੋਕਾਂ ਦੀ ਇਸ ਮੁਸ਼ਕਿਲ ਦਾ ਹੱਲ ਕਰਨ ਲਈ ਕਈ ਤਜਵੀਜਾਂ ਬਣਾਈਆਂ। ਇਸ ਤਹਿਤ ਧਰਤੀ ਹੇਠਲੇ ਖੂਹ ਬਣਾ ਕੇ ਬਰਸਾਤੀ ਧਰਤੀ ਹੇਠਾ ਪਾਉਣ ਸਮੇਤ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਈਪਲਾਈਨ ਨਵੀਂ ਪਾ ਕੇ ਇਸ ਸਮੱਸਿਆ ਤੋਂ ਰਾਹਤ ਦਿਵਾਈ ਜਾ ਰਹੀ ਹੈ। ਡਾ. ਬਲਬੀਰ ਸਿੰਘ ਨੇ ਅਨੰਦ ਨਗਰ-ਏ ਦੇ ਗੁਰਦੁਆਰਾ ਸਾਹਿਬ ਨੇੜੇ ਸਟਰੌਮ ਵਾਟਰ ਪਾਈਪਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਅਤੇ ਨਾਲ ਹੀ ਦਸਮੇਸ਼ ਨਗਰ ਬੀ ਵਿਖੇ ਵੀ ਕੀਤੇ ਜਾਣ ਵਾਲੇ ਕੰਮ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਇੰਪਰੂਵਮੈਂਟ ਟਰੱਸਟ ਚੇਅਰਮੈਨ ਹਰਪਾਲ ਸਿੰਘ ਵਿਰਕ, ਨਗਰ ਨਿਗਮ ਕਮਿਸ਼ਨਰ ਪਰਮਜੀਤ ਸਿੰਘ, ਪ੍ਰਿੰਸੀਪਲ ਜੇ.ਪੀ. ਸਿੰਘ, ਕੌਂਸਲਰ ਜਸਬੀਰ ਸਿੰਘ ਗਾਂਧੀ, ਚਰਨਜੀਤ ਸਿੰਘ ਐਸ.ਕੇ, ਮਨਦੀਪ ਸਿੰਘ ਵਿਰਦੀ, ਗੱਜਣ ਸਿੰਘ, ਮਨਿੰਦਰ ਸਿੰਘ, ਅਵਤਾਰ ਸਿੰਘ, ਖੁਸ਼ਹਾਲ ਸਿੰਘ, ਗੁਰਚਰਨ ਸਿੰਘ ਰੁਪਾਣਾ, ਕਰਮਜੀਤ ਸਿੰਘ ਬੈਂਸ, ਰੇਖਾ ਰਾਣੀ, ਮਨਜੀਤ ਕੌਰ, ਅਮਨਜੀਤ ਕੌਰ, ਰਾਜਵਿੰਦਰ ਕੌਰ, ਮਿਨਾਕਸ਼ੀ, ਸ਼ਿਖਾ ਸ਼ਰਮਾ ਤੇ ਹੋਰ ਇਲਾਕਾ ਨਿਵਾਸੀ ਵੀ ਮੌਜੂਦ ਸਨ।