ਕੋਰੋਨਾ ਯੋਧਿਆਂ ਵੱਲੋਂ ਸਿਹਤ ਮੰਤਰੀ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ
ਕਰੋਨਾ ਯੋਧਿਆਂ ਵਲੋਂ ਸਿਹਤ ਮੰਤਰੀ ਦੀ ਕੋਠੀ ਅੱਗੇ ਰੋਸ਼ ਪ੍ਰਦਰਸਨ
Publish Date: Tue, 12 May 2026 06:33 PM (IST)
Updated Date: Tue, 12 May 2026 06:36 PM (IST)

ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, •ਪਟਿਆਲਾ : ਮੰਗਲਵਾਰ ਨੂੰ ਨਰਸਿੰਗ ਡੇਅ ਵਾਲੇ ਦਿਨ ਸਿਹਤ ਸੰਸਥਾਵਾਂ ’ਚ ਕੰਮ ਕਰਦੇ ਕੋਰੋਨਾ ਯੋਧਿਆਂ ਵਲੋਂ ਬਲੈਕ ਡੇਅ ਵਜੋਂ ਮਨਾਉਂਦੇ ਹੋਏ ਸਿਹਤ ਮੰਤਰੀ ਡਾ.ਬਲਬੀਰ ਸਿੰਘ ਦੀ ਰਿਹਾਇਸ਼ ਅੱਗੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਰਾਹੀ ਸਿਹਤ ਮੰਤਰੀ ਨੂੰ 26 ਮਈ ਤੱਕ ਮਸਲੇ ਹੱਲ ਕਰਨ ਦਾ ਐਲਟੀਮੇਟਮ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਚਰਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਕੋਰੋਨਾ ਕਾਲ ਦੌਰਾਨ ਬਿਨਾ ਡਰ ਭੈਅ ਤੋਂ ਆਪਣੀ ਡਿਊਟੀ ਤਨਦੇਹੀ ਨਾਲ ਕੀਤੀ ਸੀ ਤੇ ਉਨ੍ਹਾਂ ਵੱਲੋਂ ਲਗਾਏ ਗਏ ਧਰਨੇ ਦੌਰਾਨ 3 ਜਨਵਰੀ 2022 ਨੂੰ ਆਪ ਪਾਰਟੀ ਦੇ ਆਗੂਆਂ ਵੱਲੋਂ ਰਾਜਿੰਦਰਾ ਹਸਪਤਾਲ ਦੀ ਛੱਤ ਉਪਰ ਸਾਡੇ ਕੋਲ ਆ ਕੇ ਜੋ ਸਾਡਾ ਮਰਨ ਵਰਤ ਖੁਲ੍ਹਵਾਇਆ ਗਿਆ ਸੀ ਅਤੇ ਸਰਕਾਰ ਆਉਣ ਤੇ ਮੁੜ ਪੱਕੀ ਨੌਕਰੀ ਦੀ ਬਹਾਲੀ ਦਾ ਵਾਅਦਾ ਕੀਤਾ ਗਿਆ ਸੀ, ਜਿਸ ਨੂੰ ਲੈਕੇ ਹੁਣ ਪੰਜਾਬ ਸਰਕਾਰ ਭੁੱਲ ਗਈ ਹੈ ਤੇ ਉਸ ਵਾਅਦੇ ਨੂੰ ਮੁੜ ਯਾਦ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਅਸ਼ੀ ਅੱਜ ਸ਼ਾਤਮਈ ਧਰਨਾ ਦਿੱਤਾ ਹੈ ਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੂੰ 26 ਮਈ ਤੱਕ ਦਾ ਅਲਟੀਮੇਟਮ ਦਿੰਦੇ ਹਾਂ ਕਿ ਸਾਡੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਪੌਣੇ ਪੰਜ ਸਾਲ ਕੋਈ ਵੀ ਧਰਨਾ ਪ੍ਰਦਰਸ਼ਨ ਨਹੀਂ ਕੀਤਾ ਤੇ ਸਾਨੂੰ ਉਮੀਦ ਸੀ ਕਿ ਪੰਜਾਬ ਸਰਕਾਰ ਸਾਡੇ ਨਾਲ ਕੀਤਾ ਵਾਅਦਾ ਜ਼ਰੂਰ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ 26 ਮਈ ਤੱਕ ਸਾਡੀ ਮੰਗਾਂ ਨਾ ਮੰਨੀਆਂ ਤਾਂ ਸਾਡਾ ਮਰਨ ਵਰਤ ਸਿਹਤ ਮੰਤਰੀ ਡਾ.ਬਲਬੀਰ ਸਿੰਘ ਦੀ ਰਿਹਾਇਸ਼ ਅੱਗੇ ਦੁਬਾਰਾ ਤੋਂ ਸ਼ੁਰੂ ਹੋ ਜਾਵੇਗਾ।