ਵਧ ਰਹੀ ਤਪਸ਼ ਤੇ ਲੂ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਹਦਾਇਤਾਂ ਜਾਰੀ
ਵਧ ਰਹੀ ਤਪਸ਼ ਤੇ ਲੂ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਹਦਾਇਤਾਂ ਜਾਰੀ
Publish Date: Wed, 20 May 2026 05:09 PM (IST)
Updated Date: Wed, 20 May 2026 05:10 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਸਿਹਤ ਵਿਭਾਗ ਨੇ ਵੱਧ ਰਹੀ ਤਪਸ਼ ਤੇ ਲੂ ਤੋਂ ਬਚਾਅ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਮੁੱਢਲਾ ਸਿਹਤ ਕੇਂਦਰ ਨੰਦਪੁਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਦੀਪ ਕੌਰ ਨੇ ਕਿਹਾ ਕਿ ਅੱਤ ਦੀ ਗਰਮੀ ਦੌਰਾਨ ਲੋਕਾਂ ਨੂੰ ਦੁਪਹਿਰ ਦੇ ਸਮੇਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਦੇ ਇਲਾਵਾ ਗਰਭਵਤੀ ਔਰਤਾਂ, 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ, ਬੱਚਿਆਂ, ਮੋਟਾਪੇ ਨਾਲ ਪੀੜਤ ਲੋਕਾਂ, ਦਿਲ ਦੀਆਂ ਬਿਮਾਰੀਆਂ ਅਤੇ ਹੋਰ ਗੰਭੀਰ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਹਰ ਹਾਲਤ ਵਿਚ ਵੱਧ ਤਾਪਮਾਨ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਹਰ ਕੰਮ ਕਰਨ ਵਾਲੇ ਲੋਕ ਪੂਰੇ ਸਰੀਰ ਨੂੰ ਢੱਕਣ ਵਾਲੇ ਸੂਤੀ ਕੱਪੜੇ ਪਾਉਣ ਅਤੇ ਆਪਣੇ ਸਿਰ ਨੂੰ ਸਿੱਧੀ ਧੁੱਪ ਤੋਂ ਬਚਾਉਣ ਲਈ ਛਤਰੀ, ਟੋਪੀ, ਤੌਲੀਆ, ਪੱਗ ਜਾਂ ਦੁਪੱਟੇ ਦੀ ਵਰਤੋਂ ਕਰਨ। ਧੁੱਪ ਵਿੱਚ ਨੰਗੇ ਪੈਰ ਬਿਲਕੁਲ ਨਾ ਜਾਇਆ ਜਾਵੇ। ਜੋ ਲੋਕ ਧੁੱਪ ਵਿੱਚ ਕੰਮ ਕਰਦੇ ਹਨ, ਉਹ ਸਰੀਰ ਦਾ ਤਾਪਮਾਨ ਸਹੀ ਰੱਖਣ ਲਈ ਬੋਤਲ ਵਿੱਚ ਬਰਫ਼ ਜਾਂ ਠੰਢਾ ਪਾਣੀ ਹਮੇਸ਼ਾ ਨਾਲ ਲੈ ਕੇ ਜਾਣ। ਉਨ੍ਹਾਂ ਕਿਹਾ ਕਿ ਅਜਿਹੇ ਫਲ ਅਤੇ ਸਬਜ਼ੀਆਂ ਜਿਵੇਂ ਤਰਬੂਜ਼, ਖਰਬੂਜ਼ਾ, ਅੰਗੂਰ, ਬੇਰੀ, ਟਮਾਟਰ, ਪਿਆਜ਼ ਤੇ ਤਰੀਆਂ ਦੀ ਵਰਤੋਂ ਵਧੇਰੇ ਕੀਤੀ ਜਾਵੇ, ਕਿਉਂਕਿ ਇਨ੍ਹਾਂ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਗਰਮੀ ਦੇ ਮੌਸਮ ਦੌਰਾਨ ਓਆਰਐਸ, ਨਿੰਬੂ ਪਾਣੀ, ਲੱਸੀ ਤੇ ਸ਼ਰਬਤ ਆਦਿ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ। ਸਿਗਰਟ, ਤੰਬਾਕੂ, ਬੀੜੀ ਅਤੇ ਸ਼ਰਾਬ ਦੀ ਵਰਤੋਂ ਨਾ ਕੀਤੀ ਜਾਵੇ। ਚਾਹ ਤੇ ਕਾਫ਼ੀ ਦੀ ਵਰਤੋਂ ਵੀ ਘੱਟ ਤੋਂ ਘੱਟ ਕੀਤੀ ਜਾਵੇ ਅਤੇ ਤੇਲ ਵਾਲੇ ਤੇ ਬਾਹਰਲੇ ਭੋਜਨ ਤੋਂ ਪਰਹੇਜ਼ ਰੱਖਿਆ ਜਾਵੇ। ਬੱਚਿਆਂ ਜਾਂ ਪਾਲਤੂ ਜਾਨਵਰਾਂ ਨੂੰ ਕਦੇ ਵੀ ਬੰਦ ਵਾਹਨਾਂ ’ਚ ਨਾ ਛੱਡਿਆ ਜਾਵੇ। ਜ਼ਰੂਰਤ ਪੈਣ ’ਤੇ ਮਦਦ ਅਤੇ ਐਂਬੂਲੈਂਸ ਸੇਵਾ ਲਈ ਟੋਲ ਫ੍ਰੀ ਨੰਬਰ 108 ਅਤੇ ਸਿਹਤ ਸਬੰਧੀ ਜਾਣਕਾਰੀ ਲਈ ਟੋਲ ਫ੍ਰੀ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।