ਥਾਂ ਥਾਂ ਲੱਗੇ ਗੰਦਗੀ ਦੇ ਢੇਰਾਂ ਨੇ ਸ਼ਹਿਰ ਦਾ ਨਾਂ ਕੀਤਾ ਬਦਨਾਮ : ਕੰਬੋਜ
ਥਾਂ ਥਾਂ ਲੱਗੇ ਗੰਦਗੀ ਦੇ ਢੇਰਾਂ ਨੇ ਸ਼ਹਿਰ ਦਾ ਨਾਂ ਕੀਤਾ ਬਦਨਾਮ: ਕੰਬੋਜ
Publish Date: Tue, 28 Apr 2026 06:00 PM (IST)
Updated Date: Tue, 28 Apr 2026 06:01 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਹਲਕਾ ਰਾਜਪੁਰਾ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਆਪਣੀ ਟੀਮ ਦੇ ਨਾਲ ਰਾਜਪੁਰਾ ਨਗਰ ਕੌਂਸਲ ਦੇ ਵਾਰਡ ਨੰਬਰ 9 ਅਧੀਨ ਪੈਂਦੀ ਨਵੀਂ ਅਨਾਜ ਮੰਡੀ ਨੂੰ ਜਾਂਦੀ ਸੜਕ ਦਾ ਦੌਰਾ ਕਰਕੇ ਉਥੇ ਲੱਗੇ ਗੰਦਗੀ ਦੇ ਢੇਰਾ ਨੂੰ ਦਿਖਾ ਕੇ ਸ਼ਹਿਰ ਵਾਸੀਆਂ ਤੇ ਰਾਹਗੀਰਾਂ ਦੀ ਹੋ ਰਹੀ ਦੁਰਦਸ਼ਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਰਾਜਪੁਰਾ ਹਲਕੇ ਦੀ ਮੋਜੂਦਾ ਵਿਧਾਇਕਾ ਸ਼ਹਿਰ ਵਿਚ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਗਿਣਾਉਂਦੀ ਨਹੀਂ ਥੱਕਦੀ ਪਰ ਦੂਜੇ ਪਾਸੇ ਸ਼ਹਿਰ ਦੀਆਂ ਟੁੱਟੀਆਂ ਹੋਈਆਂ ਸੜਕਾਂ ਅਤੇ ਸੜਕਾਂ ਦੇ ਕਿਨਾਰੇ ਥਾਂ—ਥਾਂ ਤੇ ਲੱਗੇ ਹੋਏ ਢੇਰ ਤੇ ਉਹਨਾਂ ਤੋਂ ਉੱਡਦੀ ਬਦਬੂ, ਮੱਖੀਆਂ, ਮੱਛਰਾਂ ਤੋਂ ਸ਼ਹਿਰ ਵਾਸੀਆਂ ਤੇ ਰਾਹਗੀਰਾਂ ਦਾ ਜੀਣਾ ਮੁਹਾਲ ਹੋ ਚੁੱਕਿਆ ਹੈ। ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਦੱਸਿਆ ਕਿ ਕੇਂਦਰ ਵਿਚ ਭਾਜਪਾ ਸਰਕਾਰ ਦੇ ਹੁੰਦਿਆਂ ਪੰਜਾਬ ’ਚ ਲੰਘੀ ਕਾਂਗਰਸ ਸਰਕਾਰ ਦੇ ਸਮੇਂ ਰਾਜਪੁਰਾ ਸ਼ਹਿਰ ਨੂੰ ਉੱਤਰੀ ਭਾਰਤ ਦਾ ਸਭ ਤੋਂ ਖੂਬਸੂਰਤ ਸ਼ਹਿਰ ਐਲਾਨਿਆ ਗਿਆ ਸੀ ਤੇ ਨਗਰ ਕੋਂਸਲ ਦੇ ਪ੍ਰਧਾਨ ਨਰਿੰਦਰ ਸ਼ਾਸ਼ਤਰੀ ਭਾਰਤ ਦੇ ਰਾਸ਼ਟਰਪਤੀ ਤੋਂ ਪੁਰਸਕਾਰ ਲੈ ਕੇ ਆਏ ਸਨ। ਪਰ ਮੋਜੂਦਾ ਵਿਧਾਇਕਾ ਦੇ ਸਮੇਂ ਦੱਸਣ ਲੱਗਿਆਂ ਵੀ ਸ਼ਰਮ ਆਉਂਦੀ ਹੈ ਕਿ ਸ਼ਹਿਰ ਇਕ ਨੰਬਰ ਤੋਂ 566ਵੇਂ ਨੰਬਰ ਤੇ ਪੁੱਜ ਗਿਆ ਹੈ ਤੇ ਸਰਕਾਰ ਨੇ ਰਾਜਪੁਰਾ ਨਗਰ ਕੌਂਸਲ ’ਤੇ 3 ਲੱਖ ਰੁਪਏ ਜੁਰਮਾਨਾ ਲਗਾਇਆ ਹੈ। ਜਿਸ ਨਾਲ ਗੇਟ ਵੇ ਆਫ ਪੰਜਾਬ ਦੇ ਨਾਮ ਨਾਲ ਜਾਣੇ ਜਾਂਦੇ ਰਾਜਪੁਰਾ ਸ਼ਹਿਰ ਦਾ ਨਾਮ ਵੀ ਬਦਨਾਮ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਅਮਨ ਕਾਨੂੰਨ ਦਾ ਬੁਰਾ ਹਾਲ ਹੈ ਤੇ ਰੋਜ਼ਾਨਾ ਲੁੱਟਾਂ, ਖੋਹਾਂ, ਚੋਰੀਆਂ ਹੋ ਰਹੀਆਂ ਹਨ ਤੇ ਪੁਲਿਸ ਹੱਥ ਤੇ ਹੱਥ ਰੱਖ ਕੇ ਬੈਠੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਹੋਣ ਵਾਲੀਆਂ ਆਗਾਮੀ ਨਗਰ ਕੋਂਸਲ ਚੋਣਾਂ ’ਚ ਲੋਕ ਮੋਜੂਦਾ ਵਿਧਾਇਕਾ ਤੋਂ ਇਹ ਸਭ ਦਾ ਜਵਾਬ ਮੰਗਣਗੇ। ਉਨ੍ਹਾਂ ਦੱਸਿਆ ਕਿ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ’ਚ ਕਾਂਗਰਸ ਪਾਰਟੀ ਨਾਲ ਸੰਬੰਧਿਤ ਕੌਂਸਲਰ ਦੀ ਚੋਣ ਲੜਨ ਵਾਲੇ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ। ਇਸ ਮੋਕੇ ਗੁਰਪ੍ਰੀਤ ਸਿੰਘ ਜੰਡੋਲੀ, ਪ੍ਰਮੋਦ ਬੱਬਰ, ਰਣਬੀਰ ਸਿੰਘ ਭੰਗੂ, ਮਲਕੀਤ ਸਿੰਘ ਉਪੱਲਹੇੜੀ, ਗੁਰਿੰਦਰ ਸਿੰਘ ਗੁਰੀ, ਜਗਵਿੰਦਰ ਕੁਮਾਰ ਜੱਗਾ ਕੋਟਲਾ ਹਾਜ਼ਰ ਸਨ।