ਅਰਵਿੰਦ ਕੇਜਰੀਵਾਲ ਦਾ ਬਰੀ ਹੋਣਾ ਭਾਜਪਾ ਦੀ ਸਿਆਸੀ ਸਾਜ਼ਿਸ਼ ਦਾ ਪਰਦਾਫਾਸ਼ : ਬਰਸਟ
ਅਰਵਿੰਦ ਕੇਜਰੀਵਾਲ ਦਾ ਬਰੀ ਹੋਣਾ ਭਾਜਪਾ ਦੀ ਸਿਆਸੀ ਸਾਜਿਸ਼ ਦਾ ਪਰਦਾਫਾਸ਼: ਬਰਸਟ
Publish Date: Mon, 02 Mar 2026 04:52 PM (IST)
Updated Date: Mon, 02 Mar 2026 04:55 PM (IST)

ਭਾਰਤ ਭੂਸ਼ਣ ਗੋਇਲ ਪੰਜਾਬੀ ਜਾਗਰਣ ਸਮਾਣਾ: ਦਿੱਲੀ ਦੀ ਅਦਾਲਤ ਵੱਲੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਅਤੇ ਹੋਰਨਾਂ ਨੂੰ ਬਰੀ ਕੀਤੇ ਜਾਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਆਮ ਆਦਮੀ ਪਾਰਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਇਸ ਨੂੰ ਸੱਚਾਈ, ਇਨਸਾਫ਼ ਅਤੇ ਇਮਾਨਦਾਰ ਰਾਜਨੀਤੀ ਦੀ ਵੱਡੀ ਅਤੇ ਇਤਿਹਾਸਕ ਜਿੱਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਦਾਲਤ ਦੇ ਫੈਸਲੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਵਿਰੁੱਧ ਬਣਾਇਆ ਇਹ ਪੂਰਾ ਮਾਮਲਾ ਸਿਰਫ਼ ਤੇ ਸਿਰਫ਼ ਸਿਆਸੀ ਬਦਲਾਖੋਰੀ ਦੀ ਭਾਵਨਾ ਤੋਂ ਪ੍ਰੇਰਿਤ ਸੀ। ਇਸ ਮੌਕੇ ਲੋਕਾਂ ਨਾਲ ਗੱਲਬਾਤ ਕਰਦਿਆਂ ਬਰਸਟ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕੇਂਦਰੀ ਏਜੰਸੀਆਂ ਜਿਵੇਂ ਈਡੀ, ਸੀਬੀਆਈ ਦੀ ਖੁੱਲ੍ਹੀ ਦੁਰਵਰਤੋਂ ਕਰਕੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਬਦਨਾਮ ਕਰਨ ਅਤੇ ਸਿਆਸੀ ਤੌਰ ਤੇ ਖ਼ਤਮ ਕਰਨ ਦੀ ਗੰਦੀ ਸਾਜ਼ਿਸ਼ ਰਚੀ ਗਈ ਸੀ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਆਮ ਆਦਮੀ ਪਾਰਟੀ ਜਾਂ ਅਰਵਿੰਦ ਕੇਜਰੀਵਾਲ ਦੀ ਜਿੱਤ ਨਹੀਂ, ਸਗੋਂ ਇਮਾਨਦਾਰ ਰਾਜਨੀਤੀ ਅਤੇ ਸੱਚਾਈ ਦੀ ਇਤਿਹਾਸਕ ਜਿੱਤ ਹੈ। ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਅਰਵਿੰਦ ਕੇਦਰੀਵਾਲ ਵਰਗੇ ਇਮਾਨਦਾਰ ਨੇਤਾ ਨੂੰ ਝੂਠੇ ਮਾਮਲੇ ਵਿੱਚ ਫਸਾਉਣ ਦੀਆਂ ਸਾਜ਼ਿਸ਼ਾਂ ਆਖ਼ਿਰਕਾਰ ਨਾਕਾਮ ਰਹੀਆਂ ਹਨ ਅਤੇ ਸੱਚਾਈ ਨੂੰ ਕਦੇ ਵੀ ਦਬਾਇਆ ਨਹੀਂ ਜਾ ਸਕਦਾ। ਬਰਸਟ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕ ਹਿੱਤ ਲਈ ਕੰਮ ਕਰਦੀ ਹੈ, ਜਦਕਿ ਭਾਜਪਾ ਬਦਲਾਖੋਰੀ ਦੀ ਭਾਵਨਾ ਨਾਲ ਸਾਜ਼ਿਸ਼ਾ ਵਿਚ ਲੱਗੀ ਰਹਿੰਦੀ ਹੈ।