ਮਸਤੂਆਣਾ ਸਾਹਿਬ ਵਿਖੇ ਹੈਂਡਬਾਲ ਚੈਂਪੀਅਨਸ਼ਿਪ ਆਰੰਭ
ਪੀਯੂ ਵੱਲੋਂ ਮਸਤੂਆਣਾ ਸਾਹਿਬ ਵਿਖੇ ਕਰਵਾਈ ਜਾ ਰਹੀ ਹੈਂਡਬਾਲ ਚੈਂਪੀਅਨਸ਼ਿਪ ਆਰੰਭ
Publish Date: Tue, 17 Feb 2026 06:22 PM (IST)
Updated Date: Tue, 17 Feb 2026 06:24 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਵੱਲੋਂ ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ, ਮਸਤੂਆਣਾ ਸਾਹਿਬ ਵਿਖੇ ਕਰਵਾਈ ਜਾ ਰਹੀ ਉੱਤਰ-ਖੇਤਰੀ ਅੰਤਰ-ਵਰਸਿਟੀ ਹੈਂਡਬਾਲ ਪੁਰਸ਼ ਚੈਂਪੀਅਨਸ਼ਿਪ ਸ਼ੁਰੂ ਹੋ ਗਈ ਹੈ। ਚੈਂਪੀਅਨਸ਼ਿਪ ਦੇ ਉਦਘਾਟਨੀ ਸਮਾਰੋਹ ਮੌਕੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਮੁੱਖ ਮਹਿਮਾਨ ਵਜੋਂ ਤੇ ਐੱਸ.ਪੀ. ਸੰਗਰੂਰ ਰਾਜੇਸ਼ ਛਿੱਬਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਡਾ. ਜਗਦੀਪ ਸਿੰਘ ਨੇ ਆਪਣੇ ਉਦਘਾਟਨੀ ਸ਼ਬਦਾਂ ਵਿਚ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਖੇਡਾਂ ਦੇ ਖੇਤਰ ਵਿਚ ਹਮੇਸ਼ਾ ਹੀ ਮੋਹਰੀ ਰਹੀ ਹੈ ਤੇ ਅਜਿਹੀਆਂ ਚੈਂਪੀਅਨਸ਼ਿਪਾਂ ਨੌਜਵਾਨ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਇਕ ਵੱਡਾ ਮੰਚ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਖੇਡਾਂ ਸਾਨੂੰ ਅਨੁਸ਼ਾਸਨ ਤੇ ਸਹਿਣਸ਼ੀਲਤਾ ਸਿਖਾਉਂਦੀਆਂ ਹਨ, ਜੋ ਜੀਵਨ ਦੇ ਹਰ ਖੇਤਰ ਵਿਚ ਸਫਲ ਹੋਣ ਲਈ ਬੇਹੱਦ ਜ਼ਰੂਰੀ ਹਨ। ਐੱਸ.ਪੀ. ਸੰਗਰੂਰ ਰਾਜੇਸ਼ ਛਿੱਬਰ ਨੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਦਾ ਸੱਦਾ ਦਿੱਤਾ ਅਤੇ ਯੂਨੀਵਰਸਿਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਪੰਜਾਬੀ ਯੂਨੀਵਰਸਿਟੀ ਦੇ ਖੇਡ ਨਿਰਦੇਸ਼ਕ ਡਾ. ਗੁਰਦੀਪ ਕੌਰ ਨੇ ਦੱਸਿਆ ਕਿ 20 ਫਰਵਰੀ ਤੱਕ ਚੱਲਣ ਵਾਲੇ ਇਨ੍ਹਾਂ ਮੁਕਾਬਲਿਆਂ ਵਿੱਚ ਉੱਤਰ ਖੇਤਰ ਦੀਆਂ ਲਗਭਗ 35 ਟੀਮਾਂ ਭਾਗ ਲੈਣਗੀਆਂ। ਇਸ ਮੌਕੇ ਸਹਾਇਕ ਖੇਡ ਨਿਰਦੇਸ਼ਕ ਡਾ. ਮਹਿੰਦਰਪਾਲ ਕੌਰ, ਕੈਪਟਨ ਡਾ. ਬੀ.ਐੱਸ. ਪੂਨੀਆ,ਜਸਵੰਤ ਸਿੰਘ ਖਹਿਰਾ, ਪ੍ਰਿੰਸੀਪਲ ਡਾ. ਗੀਤਾ ਠਾਕੁਰ, ਕਾਲਜ ਮੈਨੇਜਮੈਂਟ ਅਤੇ ਸਮੂਹ ਸਟਾਫ਼, ਯੂਨੀਵਰਸਿਟੀ ਟੀਮ ਦੇ ਕੋਚ ਡਾ. ਗੁਰਸ਼ਰਨ ਸਿੰਘ ਗਿੱਲ, ਹੈਂਡਬਾਲ ਫੈਡਰੇਸ਼ਨ ਦੇ ਤਕਨੀਕੀ ਆਫੀਸ਼ਿਅਲਜ਼ ਆਦਿ ਹਾਜ਼ਰ ਰਹੇ।