ਹੜਤਾਲ ਦੌਰਾਨ ਦਵਾਈਆਂ ਦੀਆਂ ਦੁਕਾਨਾਂ ਰਹੀਆਂ ਮੁਕੰਮਲ ਬੰਦ
ਰਾਜਪੁਰਾ ’ਚ ਕੈਮਿਸਟ ਐਸੋਸੀਏਸ਼ਨ ਦੀ ਹੜਤਾਲ ਦੋਰਾਨ ਦਵਾਈਆਂ ਦੀਆਂ ਦੁਕਾਨਾਂ ਰਹੀਆਂ ਮੁਕੰਮਲ ਬੰਦ
Publish Date: Wed, 20 May 2026 06:54 PM (IST)
Updated Date: Wed, 20 May 2026 06:55 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੱਦੇ ’ਚ ਦਵਾਈਆਂ ਦੀਆਂ ਆਨਲਾਈਨ ਵਿਕਰੀ ਦੇ ਵਿਰੋਧ ’ਚ ਕੁੱਝ ਕੈਮਿਸਟ ਦੀਆਂ ਦੁਕਾਨਾਂ ਨੂੰ ਛੱਡ ਕੇ ਬਹੁਤੀਆਂ ਦੁਕਾਨਾਂ ਇਕ ਦਿਨ ਲਈ ਬੰਦ ਰਹੀਆਂ। ਇਸ ਮੌਕੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਉੱਪ ਪ੍ਰਧਾਨ ਸੰਜੀਵ ਚੌਧਰੀ, ਜਗਦੀਸ਼ ਜੱਗੀ ਪ੍ਰਧਾਨ ਰਾਜਪੁਰਾ ਨੇ ਕਿਹਾ ਕਿ ਦਵਾਈਆਂ ਨਾਲ ਮਰੀਜ਼ਾਂ ਦੀ ਜਾਨ ਬਚਾਈ ਜਾਂਦੀ ਹੈ ਪਰ ਜਿਹੜੀਆਂ ਕੰਪਨੀਆਂ ਆਨ ਲਾਈਨ ਦਵਾਈਆਂ ਭੇਜਣ ਦਾ ਧੰਦਾ ਕਰਦੀਆਂ ਹਨ ਉਨ੍ਹਾਂ ਨੂੰ ਇਹ ਨਹੀਂ ਪਤਾ ਕੇ ਹਰ ਦਵਾਈ ਨੂੰ ਉਚਿਤ ਤਾਪਮਾਨ ਚਾਹੀਦਾ ਹੁੰਦਾ ਹੈ। ਕਈ ਦਵਾਈਆਂ ਫਰਿਜਾਂ ਵਿਚ ਰੱਖੀਆਂ ਜਾਂਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਉਚਿਤ ਤਾਪਮਾਨ ਮਿਲੇ ਜਿਸ ਨਾਲ ਉਹ ਖਰਾਬ ਨਾ ਹੋਣ। ਪਰ ਉਹੀ ਦਵਾਈ ਜੇਕਰ ਲੋਕ ਆਨ ਲਾਈਨ ਮੰਗਵਾਊਂਦੇ ਹਨ, ਜਿਹੜੀ 40 ਡਿਗਰੀ ਤੋਂ ਵੱਧ ਤਾਪਮਾਨ ਤੇ ਪੈਕਟਾਂ ਵਿਚ ਬੰਦ ਹੋ ਕੇ ਸਪਲਾਈ ਹੁੰਦੀ ਹੈ ਉਹ ਠੀਕ ਕਿਸ ਤਰ੍ਹਾਂ ਰਹਿ ਸਕਦੀ ਹੈ। ਇਸ ਦੇ ਨਾਲ ਮਰੀਜ਼ ਦੀ ਜਾਨ ਨੂੰ ਖਤਰਾ ਹੈ । ਉਨ੍ਹਾਂ ਦੱਸਿਆ ਕਿ ਕੋਰੋਨਾ ਕਾਲ ਵਿਚ ਦਵਾਈਆਂ ਦੀਆਂ ਦੁਕਾਨਾਂ ਨਾਂਹ ਖੁਲ੍ਹਣ ਕਾਰਨ, ਲੋਕਾਂ ਦੀ ਪ੍ਰੇਸ਼ਾਨ ਨੂੰ ਦੇਖਦੇ ਹੋਏ ਸਰਕਾਰਾਂ ਨੇ 6 ਮਹੀਨੇ ਲਈ ਆਨ ਲਾਈਨ ਵਿਕਰੀ ਕਰਨ ਦੀ ਇਜਾਜ਼ਤ ਦਿੱਤੀ ਸੀ ਪਰ ਉਸੇ ਆੜ ਵਿਚ ਕੰਪਨੀਆਂ ਹੁਣ ਤਕ ਇਹ ਦਵਾਈਆਂ ਵੇਚ ਰਹੀਆਂ ਹਨ। ਇਸ ਧੰਦੇ ਨੂੰ ਬੰਦ ਕਰਵਾਉਣ ਲਈ ਅੱਜ ਸਾਰੇ ਦੇਸ਼ ਵਿਚ ਦਵਾਈ ਵਿਕਰੇਤਾਵਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਹਨ। ਪਰ ਸ਼ਹਿਰ ਵਿਚ ਕੁੱਝ ਦਵਾਈ ਵਿਕਰੇਤਾਵਾਂ ਵੱਲੋਂ ਖੁਲ੍ਹੀਆਂ ਰੱਖੀਆਂ ਜਾਣ ਤੇ ਉਹਨਾਂ ਕਿਹਾ ਕਿ ਹਰ ਜੱਥੇਬੰਦੀ *ਚ ਕੁੱਝ ਕਾਲੀਆਂ ਭੇਡਾਂ ਹੁੰਦੀਆਂ ਹੀ ਹਨ ਤੇ ਉਹ ਲਾਭ ਤਾਂ ਜੋ ਸਾਰਿਆਂ ਨੂੰ ਮਿਲਦਾ ਹੈ ਉਸ ਦੇ ਭਾਗੀਦਾਰ ਬਣਦੇ ਹਨ ਪਰ ਸੰਘਰਸ਼ ਵੇਲੇ ਕਦੀ ਨਾਲ ਨਹੀਂ ਚਲਦੀਆਂ। ਜਿਨ੍ਹਾਂ ਦਾ ਫਾਇਦਾ ਸਮੇਂ ਸਮੇਂ ਦੀਆਂ ਸਰਕਾਰਾਂ ਚੁੱਕਦੀਆਂ ਹਨ। ਇਸ ਮੋਕੇ ਜਗਦੀਸ਼ ਵੱਧਵਾ ਜਨਰਲ ਸਕੱਤਰ, ਚੇਅਰਮੈਨ ਭਗਵਾਨ ਜੌਲੀ, ਰਾਜੇਸ਼ ਕੁਮਾਰ ਤਨੇਜਾ, ਮਲਕੀਤ ਖਰੋਲਾ ਸਮੇਤ ਵੱਡੀ ਗਿਣਤੀ *ਚ ਦਵਾਈ ਵਿਕਰੇਤਾ ਹਾਜ਼ਰ ਸਨ।