ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਪਟਿਆਲਾ ਪੁੱਜਣਗੇ ਮੁੱਖ ਮੰਤਰੀ ਮਾਨ : ਹਡਾਣਾ
ਬੇਅਦਬੀ ਖ਼ਿਲਾਫ਼ ਸਖ਼ਤ ਕਾਨੂੰਨ ਬਣਾਉਣ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਪਟਿਆਲਾ ਪਹੁੰਚਣਗੇ ਮੁੱਖ ਮੰਤਰੀ ਮਾਨ
Publish Date: Fri, 08 May 2026 07:01 PM (IST)
Updated Date: Fri, 08 May 2026 07:02 PM (IST)

ਜੀਐੱਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਪਟਿਆਲਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਣਗੇ। ਮੁੱਖ ਮੰਤਰੀ ਵੱਲੋਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਕੱਢੀ ਜਾ ਰਹੀ ਇਸ ਵਿਸ਼ੇਸ਼ ਯਾਤਰਾ ਦੇ ਸਬੰਧ ਵਿੱਚ ਹਲਕਾ ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਹਲਕਾ ਵਾਸੀਆਂ ਨੂੰ ਵੱਡੀ ਗਿਣਤੀ ਵਿਚ ਪਹੁੰਚਣ ਦਾ ਸੱਦਾ ਦਿੱਤਾ ਹੈ। ਜਾਣਕਾਰੀ ਦਿੰਦਿਆਂ ਹਡਾਣਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਵਿਸ਼ੇਸ਼ ਕਾਨੂੰਨ ਪਾਸ ਕਰਵਾ ਕੇ ਇੱਕ ਵੱਡੀ ਸੇਵਾ ਨਿਭਾਈ ਹੈ। ਅੱਜ ਦੀ ਇਹ ਯਾਤਰਾ ਇਸੇ ਇਤਿਹਾਸਕ ਕਾਰਜ ਲਈ ਗੁਰੂ ਚਰਨਾਂ ਵਿਚ ਸ਼ੁਕਰਾਨਾ ਕਰਨ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਦੇ ਮਕਸਦ ਨਾਲ ਕੱਢੀ ਜਾ ਰਹੀ ਹੈ। ਹਡਾਣਾ ਨੇ ਸਮੂਹ ਹਲਕਾ ਵਾਸੀਆਂ, ਪਾਰਟੀ ਅਹੁਦੇਦਾਰਾਂ ਅਤੇ ਵਲੰਟੀਅਰਾਂ ਨੂੰ ਅਪੀਲ ਕੀਤੀ ਹੈ ਕਿ ਅੱਜ ਸਵੇਰੇ 10 ਵਜੇ ਉਨ੍ਹਾਂ ਦੀ ਰਿਹਾਇਸ਼ ਦੇ ਨੇੜੇ ਸਥਿਤ ਖੰਡਾ ਚੌਂਕ ਵਿਖੇ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹਲਕਾ ਸਨੌਰ ਦੀ ਜਨਤਾ ਮੁੱਖ ਮੰਤਰੀ ਦਾ ਨਿੱਘਾ ਸਵਾਗਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਹਮੇਸ਼ਾ ਗੁਰੂ ਸਾਹਿਬ ਦੀ ਓਟ ਲੈ ਕੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦੇ ਰਾਹ ਤੇ ਤੋਰ ਰਹੇ ਹਨ। ਸਵਾਗਤ ਤੋਂ ਬਾਅਦ ਮੁੱਖ ਮੰਤਰੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਨਗੇ। ਇਸ ਮੌਕੇ ਹਲਕੇ ਦੇ ਸਮੂਹ ਕੌਂਸਲਰ, ਬਲਾਕ ਪ੍ਰਧਾਨ, ਪੰਚ-ਸਰਪੰਚ ਅਤੇ ਭਾਰੀ ਗਿਣਤੀ ਵਿੱਚ ਸੰਗਤ ਹਾਜ਼ਰ ਰਹੇਗੀ।