ਹਡਾਣਾ ਵੱਲੋਂ 24 ਲੱਖ ਦੀ ਲਾਗਤ ਨਾਲ ਬਣੇ ਖੇਡ ਮੈਦਾਨ ਦਾ ਉਦਘਾਟਨ
ਹਡਾਣਾ ਵੱਲੋਂ 24 ਲੱਖ ਦੀ ਲਾਗਤ ਨਾਲ ਬਣੇ ਖੇਡ ਮੈਦਾਨ ਦਾ ਉਦਘਾਟਨ
Publish Date: Tue, 05 May 2026 04:30 PM (IST)
Updated Date: Tue, 05 May 2026 04:32 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਨੌਰ : ਪਿੰਡ ਬੋਲੜ ਕਲਾਂ ਵਿਖੇ ਸਰਕਾਰੀ ਸਕੂਲ ’ਚ 24 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਆਧੁਨਿਕ ਖੇਡ ਗਰਾਊਂਡ ਦਾ ਉਦਘਾਟਨ ਕਰਨ ਪਹੁੰਚੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ, ਖੇਡ ਮੈਦਾਨ ਦਾ ਉਦਘਾਟਨ ਉਪਰੰਤ ਉਨ੍ਹਾਂ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਅਤੇ ਇਲਾਕੇ ਦੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਸੂਬੇ ਵਿੱਚ ਕੁੱਲ 3100 ਖੇਡ ਮੈਦਾਨ ਉਸਾਰੇ ਜਾਣੇ ਹਨ। ਇਸੇ ਕੜੀ ਦੇ ਪਹਿਲੇ ਚਰਨ ਅਧੀਨ ਬੋਲੜ ਕਲਾਂ ਵਿਖੇ ਕਰੀਬ 24 ਲੱਖ ਰੁਪਏ ਦੀ ਲਾਗਤ ਨਾਲ ਇਹ ਮੈਦਾਨ ਤਿਆਰ ਕੀਤਾ ਗਿਆ ਹੈ। ਹਡਾਣਾ ਨੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਪਿੰਡ ਬੋਲੜ ਕਲਾਂ ਦੇ ਸਕੂਲ ਵਿਚ ਖੇਡ ਮੈਦਾਨ ਦੀ ਲੰਬੇ ਸਮੇਂ ਤੋਂ ਮੰਗ ਸੀ, ਜਿਸ ਨੂੰ ਮਾਨ ਸਰਕਾਰ ਨੇ 24 ਲੱਖ ਰੁਪਏ ਖ਼ਰਚ ਕੇ ਪੂਰਾ ਕੀਤਾ ਹੈ। ਇਸ ਸਹੂਲਤ ਦੇ ਮਿਲਣ ਨਾਲ ਹੁਣ ਬੱਚੇ ਮਿਆਰੀ ਖੇਡ ਸਹੂਲਤਾਂ ਦਾ ਲਾਭ ਉਠਾ ਸਕਣਗੇ। ਸਕੂਲ ਦੇ ਅਧਿਆਪਕਾਂ ਅਤੇ ਮਾਪਿਆਂ ਨੇ ਇਸ ਉਪਰਾਲੇ ਲਈ ਹਡਾਣਾ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਬੱਚਿਆਂ ਦਾ ਖੇਡਾਂ ਵੱਲ ਰੁਝਾਨ ਵਧੇਗਾ। ਇਸ ਮੌਕੇ ਸਰਪੰਚ ਮੀਨੂੰ, ਪ੍ਰਦੀਪ ਜੋਸਨ ਪ੍ਰਧਾਨ ਨਗਰ ਕੌਂਸਲ ਸਨੌਰ, ਚੇਅਰਮੈਨ ਹੈਪੀ ਪਹਾੜੀਪੁਰ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਘੁਮਾਣ, ਸਹਾਇਕ ਡਾਇਰੈਕਟਰ ਹਰਨੇਕ ਸਿੰਘ, ਸ਼ਾਮ ਸਿੰਘ ਸਨੌਰ, ਮਲਕੀਤ ਸਿੰਘ ਬੋਲੜ ਵਿਸ਼ੇਸ਼ ਤੌਰ ਤੇ ਮੌਜੂਦ ਸਨ।