ਗੁਰੂ ਗ੍ਰੰਥ ਸਾਹਿਬ ਵਰਲਡ ’ਵਰਸਿਟੀ ਦੇ ਖਿਡਾਰੀਆਂ ਨੇ ਰਚਿਆ ਇਤਿਹਾਸ
ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਰਚਿਆ ਇਤਿਹਾਸ
Publish Date: Wed, 29 Apr 2026 05:20 PM (IST)
Updated Date: Thu, 30 Apr 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਖਿਡਾਰੀਆਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਸ਼ਾਨਦਾਰ ਪ੍ਰਦਰਸ਼ਨ ਨਾਲ ਉਪਲੱਬਧੀਆਂ ਹਾਸਲ ਕੀਤੀਆਂ ਹਨ। ਸਰੀਰਕ ਸਿੱਖਿਆ ਅਤੇ ਖੇਡ ਟੈਕਨੋਲੋਜੀ ਵਿਭਾਗ ਦੇ ਐੱਮਪੀਐਡ ਦੇ ਵਿਦਿਆਰਥੀ ਅੰਮ੍ਰਿਤ ਪਾਲ ਸਿੰਘ ਦੀ ਚੋਣ ਸੀਨੀਅਰ ਨੈਸ਼ਨਲ ਟੂਰਨਾਮੈਂਟ ਦੇ ਆਧਾਰ ’ਤੇ ਭਾਰਤੀ ਰਗਬੀ ਟੀਮ ਦੇ ਕੈਂਪ ਲਈ ਹੋਈ ਹੈ। ਇਹ ਉਪਲੱਬਧੀ ਉਸ ਦੀ ਲਗਾਤਾਰ ਮਿਹਨਤ, ਅਟੱਲ ਸੰਕਲਪ ਅਤੇ ਖੇਡ ਪ੍ਰਤੀ ਸਮਰਪਣ ਦਾ ਜੀਵੰਤ ਸਬੂਤ ਹੈ, ਜਿਸ ਨਾਲ ਉਸਨੇ ਨਾ ਸਿਰਫ਼ ਆਪਣੇ ਵਿਭਾਗ, ਸਗੋਂ ਪੂਰੀ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਦੇ ਨਾਲ ਹੀ ਅਮਨਦੀਪ ਕੌਰ ਨੇ ਵੀ ਇਤਿਹਾਸਕ ਮੰਜ਼ਿਲ ਹਾਸਲ ਕਰਦਿਆਂ ਪੰਜਾਬ ਦੀ ਪਹਿਲੀ ਮਹਿਲਾ ਖਿਡਾਰਨ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ ਜਿਸਨੇ ਏਸ਼ੀਆਈ ਖੇਡਾਂ ਵਿਚ ਭਾਰਤ ਦੀ ਰਗਬੀ ਟੀਮ ਦੀ ਨੁਮਾਇੰਦਗੀ ਕੀਤੀ। ਖ਼ਾਸ ਗੱਲ ਇਹ ਹੈ ਕਿ ਉਹ ਪਹਿਲਾਂ ਵੀ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਕਾਬਲੀਅਤ ਸਾਬਤ ਕਰ ਚੁੱਕੀ ਹੈ। ਫਤਹਿਗੜ੍ਹ ਸਾਹਿਬ ਦੇ ਪਿੰਡ ਧੀਰਪੁਰ ਦੀ ਰਹਿਣ ਵਾਲੀ ਅਤੇ ਮਲੂਕ ਸਿੰਘ ਦੀ ਧੀ ਅਮਨਦੀਪ ਕੌਰ ਨੇ ਏਸ਼ੀਆਈ ਰਗਬੀ ਐਮੀਰੇਟਸ ਲੀਗ ਵਿਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਦੇਸ਼ ਅਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ। ਉਸ ਦੀ ਇਹ ਲਗਾਤਾਰ ਕਾਮਯਾਬੀ ਉਸ ਦੀ ਕਠੋਰ ਮਿਹਨਤ, ਅਨੁਸ਼ਾਸਨ ਅਤੇ ਖੇਡ ਪ੍ਰਤੀ ਸਮਰਪਣ ਦੀ ਪ੍ਰਤੀਕ ਹੈ ਅਤੇ ਇਹ ਪੰਜਾਬ ਦੀਆਂ ਨੌਜਵਾਨ ਮਹਿਲਾ ਖਿਡਾਰੀਆਂ ਲਈ ਪ੍ਰੇਰਣਾ ਦਾ ਸਰੋਤ ਹੈ।
ਇਨ੍ਹਾਂ ਉਪਲੱਬਧੀਆਂ ਦੇ ਪਿੱਛੇ ਕੋਚ ਸੰਦੀਪ ਕੁਮਾਰ ਦੀ ਲਗਨ, ਮਿਹਨਤ ਅਤੇ ਮਾਰਗਦਰਸ਼ਨ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ, ਜਿਨ੍ਹਾਂ ਨੇ ਖਿਡਾਰੀਆਂ ਨੂੰ ਉੱਚ ਪੱਧਰੀ ਮੁਕਾਬਲਿਆਂ ਲਈ ਤਿਆਰ ਕੀਤਾ ਅਤੇ ਉਨ੍ਹਾਂ ਦੇ ਆਤਮਵਿਸ਼ਵਾਸ ਨੂੰ ਮਜ਼ਬੂਤ ਕੀਤਾ। ਇਸ ਮੌਕੇ ’ਤੇ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪਰਿਤ ਪਾਲ ਸਿੰਘ ਜੀ ਨੇ ਖੁਸ਼ੀ ਜਾਹਰ ਕਰਦਿਆਂ ਖਿਡਾਰੀਆਂ, ਕੋਚ ਅਤੇ ਸਟਾਫ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਉਪਲੱਬਧੀਆਂ ਯੂਨੀਵਰਸਿਟੀ ਵਿਚ ਖੇਡਾਂ ਦੀ ਉੱਚੀ ਪਰੰਪਰਾ ਨੂੰ ਮਜ਼ਬੂਤ ਕਰਦੀਆਂ ਹਨ ਅਤੇ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਬਣਦੀਆਂ ਹਨ। ਉਨ੍ਹਾਂ ਨੇ ਇਹ ਵੀ ਵਿਸ਼ਵਾਸ ਜਤਾਇਆ ਕਿ ਭਵਿੱਖ ਵਿਚ ਯੂਨੀਵਰਸਿਟੀ ਦੇ ਖਿਡਾਰੀ ਦੇਸ਼ ਅਤੇ ਵਿਸ਼ਵ ਪੱਧਰ ’ਤੇ ਹੋਰ ਵੱਡੀਆਂ ਕਾਮਯਾਬੀਆਂ ਹਾਸਲ ਕਰਨਗੇ।