ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵੱਲੋਂ ਤਕਨੀਕੀ ਹੁਨਰ ਵਿਕਾਸ ਵਰਕਸ਼ਾਪ
ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵੱਲੋਂ ਤਕਨੀਕੀ ਹੁਨਰ ਵਿਕਾਸ ਵਰਕਸ਼ਾਪ ਦਾ ਆਯੋਜਨ
Publish Date: Thu, 21 May 2026 05:04 PM (IST)
Updated Date: Fri, 22 May 2026 04:07 AM (IST)

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਬਾਇਓਟੈਕਨੋਲੋਜੀ ਵਿਭਾਗ ਵੱਲੋਂ ਸੈਂਟਰ ਫਾਰ ਸਾਇੰਟਿਫਿਕ ਐਂਡ ਰਿਸਰਚ ਇਨੋਵੇਸ਼ਨ (ਇੰਸਟੀਚਿਊਸ਼ਨ ਇਨੋਵੇਸ਼ਨ ਸੈੱਲ) ਦੀ ਅਗਵਾਈ ਹੇਠ ‘ਮੌਲੀਕਿਊਲਰ ਬਾਇਓਲੋਜੀ, ਮਾਈਕ੍ਰੋਬਾਇਓਲੋਜੀਕਲ ਅਤੇ ਕੰਪਿਊਟੇਸ਼ਨਲ ਤਕਨੀਕਾਂ’ ਵਿਸ਼ੇ ’ਤੇ ਇਕ ਦਿਨਾ ਇੰਟੈਂਸਿਵ ਸਕਿੱਲ ਇਨਹਾਂਸਮੈਂਟ ਵਰਕਸ਼ਾਪ ਦਾ ਸਫਲ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਉਦੇਸ਼ ਭਾਗੀਦਾਰਾਂ ਨੂੰ ਜੀਵ ਵਿਗਿਆਨਕ ਖੋਜ ਵਿੱਚ ਵਰਤੀਆਂ ਜਾਂਦੀਆਂ ਆਧੁਨਿਕ ਤਕਨੀਕਾਂ ਬਾਰੇ ਵਿਹਾਰਕ ਅਨੁਭਵ ਅਤੇ ਸਿਧਾਂਤਕ ਸਮਝ ਮੁਹੱਈਆ ਕਰਵਾਉਣਾ ਸੀ। ਇਸ ’ਚ ਦੋਆਬਾ ਗਰੁੱਪ ਆਫ ਕਾਲਜਿਜ਼, ਮਾਤਾ ਗੁਜਰੀ ਕਾਲਜ, ਗਵਰਨਮੈਂਟ ਪੀਜੀ ਕਾਲਜ ਅਤੇ ਡੀਏਵੀ ਕਾਲਜ ਤੋਂ ਲਗਭਗ 56 ਵਿਦਿਆਰਥੀਆਂ ਅਤੇ 10 ਫੈਕਲਟੀ ਮੈਂਬਰਾਂ ਨੇ ਸਰਗਰਮ ਭਾਗੀਦਾਰੀ ਕੀਤੀ। ਵਰਕਸ਼ਾਪ ਦੇ ਤਕਨੀਕੀ ਸੈਸ਼ਨ ਵਿਭਾਗ ਦੇ ਮਾਹਿਰ ਵਿਦਵਾਨਾਂ ਵੱਲੋਂ ਕਰਵਾਏ ਗਏ। ਡਾ. ਰੁਪਿੰਦਰ ਕੌਰ ਨੇ ਡੀਐੱਨਏ ਐਕਸਟ੍ਰੈਕਸ਼ਨ ਅਤੇ ਪੀਸੀਆਰ ਐਂਪਲੀਫਿਕੇਸ਼ਨ ਬਾਰੇ ਜਾਣਕਾਰੀ ਦਿੱਤੀ, ਜਦਕਿ ਡਾ. ਪੁਨੀਤ ਕੌਰ ਨੇ ਅਗਾਰੋਜ਼ ਜੈਲ ਇਲੈਕਟ੍ਰੋਫੋਰੇਸਿਸ ਦੀ ਕਾਰਗੁਜ਼ਾਰੀ ਸਮਝਾਈ। ਡਾ. ਸਿਮਰਨਜੋਤ ਕੌਰ ਤੇ ਕੁਦਰਤਦੀਪ ਕੌਰ ਨੇ ਮਾਈਕ੍ਰੋਬਾਇਓਲੋਜੀਕਲ ਤਕਨੀਕਾਂ ਦੇ ਸਿਧਾਂਤਕ ਅਤੇ ਵਿਹਾਰਕ ਪੱਖਾਂ ਬਾਰੇ ਜਾਣਕਾਰੀ ਦਿੱਤੀ, ਜਦਕਿ ਡਾ. ਫਲਕ ਠਾਕਰਾਲ ਨੇ ਭਾਗੀਦਾਰਾਂ ਨੂੰ ਬਾਇਓਇੰਫਾਰਮੈਟਿਕਸ ਅਤੇ ਕੰਪਿਊਟੇਸ਼ਨਲ ਤਕਨੀਕਾਂ ਨਾਲ ਰੂ-ਬਰੂ ਕਰਵਾਇਆ। ਵਰਕਸ਼ਾਪ ਵਿੱਚ ਸਿਧਾਂਤਕ ਸਮਝ ਅਤੇ ਵਿਹਾਰਕ ਸਿਖਲਾਈ ਦਾ ਸੁਚੱਜਾ ਮੇਲ ਵੇਖਣ ਨੂੰ ਮਿਲਿਆ, ਜਿਸ ਨਾਲ ਵਿਦਿਆਰਥੀਆਂ ਦੇ ਤਕਨੀਕੀ ਹੁਨਰ ਅਤੇ ਵਿਸ਼ੇ ਸੰਬੰਧੀ ਸਮਝ ਵਿੱਚ ਵਾਧਾ ਹੋਇਆ। ਕਨਵੀਨਰ ਡਾ. ਰੁਪਿੰਦਰ ਕੌਰ, ਮੁਖੀ ਬਾਇਓਟੈਕਨੋਲੋਜੀ ਵਿਭਾਗ, ਅਤੇ ਕੋਆਰਡੀਨੇਟਰ ਡਾ. ਸਿਮਰਨਜੋਤ ਕੌਰ ਦੀ ਅਗਵਾਈ ਹੇਠ ਇਹ ਵਰਕਸ਼ਾਪ ਇੱਕ ਅਹਿਮ ਅਕਾਦਮਿਕ ਉਪਰਾਲਾ ਸਾਬਤ ਹੋਈ। ਵਿਭਾਗ ਨੇ ਭਵਿੱਖ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਕਰਵਾਉਣ ਦਾ ਭਰੋਸਾ ਦਿੱਤਾ, ਤਾਂ ਜੋ ਪੜ੍ਹਾਈ ਅਤੇ ਸਨਅਤੀ ਖੇਤਰ ਵਿਚਕਾਰ ਨਾਤਾ ਹੋਰ ਮਜ਼ਬੂਤ ਹੋ ਸਕੇ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਪਰਿਤ ਪਾਲ ਸਿੰਘ ਨੇ ਵਰਕਸ਼ਾਪ ਦੀ ਸਰਾਹਨਾ ਕਰਦਿਆਂ ਕਿਹਾ ਕਿ ਬਾਹਰੀ ਕਾਲਜਾਂ ਤੋਂ ਆਏ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਆਧੁਨਿਕ ਤਕਨੀਕੀ ਸਾਧਨਾਂ ਦਾ ਲਾਭ ਮਿਲਿਆ। ਕਈ ਵਿਦਿਆਰਥੀਆਂ ਲਈ ਇਹ ਪਹਿਲਾ ਮੌਕਾ ਸੀ ਜਦੋਂ ਉਨ੍ਹਾਂ ਨੇ ਅਜਿਹੇ ਉੱਨਤ ਉਪਕਰਣਾਂ ਨਾਲ ਕੰਮ ਕੀਤਾ, ਜੋ ਉਨ੍ਹਾਂ ਦੇ ਆਪਣੇ ਕਾਲਜਾਂ ਵਿੱਚ ਮੌਜੂਦ ਨਹੀਂ ਹਨ। ਡੀਨ ਅਕਾਦਮਿਕ ਮਾਮਲੇ ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਵਿਭਾਗ ਨੂੰ ਅਜਿਹੀਆਂ ਹੁਨਰ-ਅਧਾਰਿਤ ਗਤੀਵਿਧੀਆਂ ਲਈ ਵਧਾਈ ਦਿੱਤੀ, ਜੋ ਵਿਦਿਆਰਥੀਆਂ ਦੀ ਯੋਗਤਾ ਨੂੰ ਨਿਖਾਰਨ, ਰੁਜ਼ਗਾਰ ਦੇ ਮੌਕਿਆਂ ਵਿੱਚ ਵਾਧਾ ਕਰਨ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਵਿੱਚ ਮਦਦਗਾਰ ਹਨ। ਸੀਐਸਆਰਆਈ ਦੇ ਚੇਅਰਮੈਨ ਅਤੇ ਰਜਿਸਟਰਾਰ ਡਾ. ਤੇਜਬੀਰ ਸਿੰਘ ਨੇ ਵੀ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਵਿਦਿਆਰਥੀਆਂ ਵਿੱਚ ਨਵੀਂ ਸੋਚ ਅਤੇ ਹੁਨਰ ਵਿਕਾਸ ਨੂੰ ਹੋਰ ਮਜ਼ਬੂਤ ਕਰਦੀਆਂ ਹਨ।