ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵੱਲੋਂ ਤਕਨੀਕੀ ਹੁਨਰ ਵਿਕਾਸ ਵਰਕਸ਼ਾਪ ਦਾ ਆਯੋਜਨ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਬਾਇਓ ਟੈਕਨਾਲੋਜੀ ਵਿਭਾਗ ਵੱਲੋਂ ਸੈਂਟਰ ਫਾਰ ਸਾਇੰਟਿਫਿਕ ਐਂਡ ਰਿਸਰਚ ਇਨੋਵੇਸ਼ਨ (ਇੰਸਟੀਚਿਊਸ਼ਨ ਇਨੋਵੇਸ਼ਨ ਸੈੱਲ) ਦੀ ਅਗਵਾਈ ਹੇਠ ‘ਮੌਲੀਕਿਊਲਰ ਬਾਇਓਲੋਜੀ, ਮਾਈਕ੍ਰੋ ਬਾਇਓਲੋਜੀਕਲ ਤੇ ਕੰਪਿਊਟੇਸ਼ਨਲ ਤਕਨੀਕਾਂ’ ਵਿਸ਼ੇ ’ਤੇ ਇਕ ਦਿਨਾ ਇੰਟੈਂਸਿਵ ਸਕਿੱਲ ਇਨਹਾਂਸਮੈਂਟ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦਾ ਉਦੇਸ਼ ਭਾਗੀਦਾਰਾਂ ਨੂੰ ਜੀਵ ਵਿਗਿਆਨਕ ਖੋਜ ਵਿਚ ਵਰਤੀਆਂ ਜਾਂਦੀਆਂ ਆਧੁਨਿਕ ਤਕਨੀਕਾਂ ਬਾਰੇ ਵਿਹਾਰਕ ਅਨੁਭਵ ਅਤੇ ਸਿਧਾਂਤਕ ਸਮਝ ਮੁਹੱਈਆ ਕਰਵਾਉਣਾ ਸੀ। ਇਸ ’ਚ ਦੋਆਬਾ ਗਰੁੱਪ ਆਫ ਕਾਲਜਿਜ਼, ਮਾਤਾ ਗੁਜਰੀ ਕਾਲਜ, ਗਵਰਨਮੈਂਟ ਪੀਜੀ ਕਾਲਜ ਅਤੇ ਡੀਏਵੀ ਕਾਲਜ ਤੋਂ ਲਗਭਗ 56 ਵਿਦਿਆਰਥੀਆਂ ਅਤੇ 10 ਫੈਕਲਟੀ ਮੈਂਬਰਾਂ ਨੇ ਸਰਗਰਮ ਭਾਗੀਦਾਰੀ ਕੀਤੀ। ਵਰਕਸ਼ਾਪ ਦੇ ਤਕਨੀਕੀ ਸੈਸ਼ਨ ਵਿਭਾਗ ਦੇ ਮਾਹਿਰ ਵਿਦਵਾਨਾਂ ਵੱਲੋਂ ਕਰਵਾਏ ਗਏ। ਡਾ. ਰੁਪਿੰਦਰ ਕੌਰ ਨੇ ਡੀਐਨਏ ਐਕਸਟ੍ਰੈਕਸ਼ਨ ਅਤੇ ਪੀਸੀਆਰ ਐਂਪਲੀਫਿਕੇਸ਼ਨ ਬਾਰੇ ਜਾਣਕਾਰੀ ਦਿੱਤੀ, ਜਦਕਿ ਡਾ. ਪੁਨੀਤ ਕੌਰ ਨੇ ਅਗਾਰੋਜ਼ ਜੈਲ ਇਲੈਕਟ੍ਰੋਫੋਰੇਸਿਸ ਦੀ ਕਾਰਗੁਜ਼ਾਰੀ ਸਮਝਾਈ। ਡਾ. ਸਿਮਰਨਜੋਤ ਕੌਰ ਤੇ ਕੁਦਰਤਦੀਪ ਕੌਰ ਨੇ ਮਾਈਕ੍ਰੋਬਾਇਓਲੋਜੀਕਲ ਤਕਨੀਕਾਂ ਦੇ ਸਿਧਾਂਤਕ ਅਤੇ ਵਿਹਾਰਕ ਪੱਖਾਂ ਬਾਰੇ ਜਾਣਕਾਰੀ ਦਿੱਤੀ, ਜਦਕਿ ਡਾ. ਫਲਕ ਠਾਕਰਾਲ ਨੇ ਭਾਗੀਦਾਰਾਂ ਨੂੰ ਬਾਇਓਇੰਫਾਰਮੈਟਿਕਸ ਅਤੇ ਕੰਪਿਊਟੇਸ਼ਨਲ ਤਕਨੀਕਾਂ ਨਾਲ ਰੂਬਰੂ ਕਰਵਾਇਆ। ਵਰਕਸ਼ਾਪ ਵਿਚ ਸਿਧਾਂਤਕ ਸਮਝ ਅਤੇ ਵਿਹਾਰਕ ਸਿਖਲਾਈ ਦਾ ਸੁਚੱਜਾ ਮੇਲ ਵੇਖਣ ਨੂੰ ਮਿਲਿਆ, ਜਿਸ ਨਾਲ ਵਿਦਿਆਰਥੀਆਂ ਦੇ ਤਕਨੀਕੀ ਹੁਨਰ ਤੇ ਵਿਸ਼ੇ ਸੰਬੰਧੀ ਸਮਝ ਵਿਚ ਵਾਧਾ ਹੋਇਆ। ਕਨਵੀਨਰ ਡਾ. ਰੁਪਿੰਦਰ ਕੌਰ, ਮੁਖੀ ਬਾਇਓਟੈਕਨਾਲੋਜੀ ਵਿਭਾਗ ਤੇ ਕੋਆਰਡੀਨੇਟਰ ਡਾ. ਸਿਮਰਨਜੋਤ ਕੌਰ ਦੀ ਅਗਵਾਈ ਹੇਠ ਇਹ ਵਰਕਸ਼ਾਪ ਇਕ ਅਹਿਮ ਅਕਾਦਮਿਕ ਉਪਰਾਲਾ ਸਾਬਤ ਹੋਈ।